ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 12 ਫਰਵਰੀ
ਨਾਦ ਪ੍ਰਗਾਸੁ ਵੱਲੋਂ ਕਰਵਾਏ ਸੱਤਵੇਂ ਅੰਮ੍ਰਿਤਸਰ ਸਾਹਿਤ ਉਤਸਵ-2022 ਦੇ ਉਦਘਾਟਨੀ ਸੈਸ਼ਨ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਬਾਜ਼ਾਰ ਮਨੁੱਖ ਲਈ ਹੈ, ਮਨੁੱਖ ਬਾਜ਼ਾਰ ਲਈ ਨਹੀਂ ਬਣਿਆ। ਇਸ ਲਈ ਬਿਹਤਰ ਹੋਵੇਗਾ ਕਿ ਮਨੁੱਖ ਬਾਜ਼ਾਰ ਨੂੰ ਚਲਾਏ ਨਾ ਕਿ ਬਜ਼ਾਰ ਮਨੁੱਖ ਨੂੰ। ਉਨ੍ਹਾਂ ਯੂਨੀਵਰਸਿਟੀ ਕੋਰਸਾਂ ਦੇ ਹੁੰਦੇ ਬਜ਼ਾਰੀਕਰਨ ਦਾ ਖੰਡਨ ਕਰਦਿਆਂ ਕਿਹਾ ਕਿ ਸਮਾਜਿਕ ਵਿਗਿਆਨ ਦੇ ਵਿਸ਼ਿਆਂ ਅਤੇ ਹੋਰ ਕੋਰਸਾਂ ਨੂੰ ਵੀ ਤਰਜ਼ੀਹ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਿੱਧਾਂਤ ਨੂੰ ਸਾਡੀਆਂ ਸਾਹਿਤਕ ਪਰੰਪਰਾਵਾਂ ਵਿਚੋਂ ਖੋਜਣ ਦੀ ਲੋੜ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਆਫ ਹਿਉਮੈਨਟੀਜ਼ ਐਂਡ ਰਿਲੀਜੀਅਸ ਸਟੱਡੀਜ਼ ਦੇ ਡੀਨ ਪ੍ਰੋ. ਸਰਬਜਿੰਦਰ ਸਿੰਘ ਨੇ ਕਿਹਾ ਕਿ ਸ਼ਬਦ ਸਾਰੀਆਂ ਧਰਮ ਪਰੰਪਰਾਵਾਂ ਦਾ ਸਾਂਝਾ ਹੈ ਅਤੇ ਨਾਲ ਹੀ ਸਾਰੇ ਧਰਮ ਗ੍ਰੰਥ ਇਕ ਦੂਜੇ ਤੋਂ ਵਿਲੱਖਣ ਵੀ ਹਨ। ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ।
ਇਸ ਤੋਂ ਪਹਿਲਾਂ ਖਾਲਸਾ ਕਾਲਜ ਫਾਰ ਵਿਮੈਨ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਅਮਰਜੀਤ ਸਿੰਘ ਨੇ ਉਦਘਾਟਨੀ ਸੈਸ਼ਨ ਦਾ ਸੰਚਾਲਨ ਕੀਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਖਵਿੰਦਰ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਅੰਮ੍ਰਿਤਸਰ ਸਾਹਿਤ ਉਤਸਵ ਦਾ ਦੂਜਾ ਸਮਾਗਮ ਪੈਨਲ ਵਿਚਾਰ ਚਰਚਾ ਸਮਕਾਲੀ ‘ਪੰਜਾਬ: ਸਮਾਜਿਕ ਅਤੇ ਰਾਜਨੀਤਿਕ ਪ੍ਰਸੰਗ’ ਵਿਸ਼ੇ ‘ਤੇ ਆਧਾਰਿਤ ਸੀ, ਜਿਸ ਵਿਚ ਰਿਜਨਲ ਇੰਸਟੀਚਿਊਟ ਆਫ ਇੰਗਲਿਸ਼, ਚੰਡੀਗੜ੍ਹ ਤੋਂ ਡਾ. ਮੋਨਿਕਾ ਕੁਮਾਰ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਦਿੱਲੀ ਤੋਂ ਅਮਨਿੰਦਰ ਸਿੰਘ ਨੇ ਹਿੱਸਾ ਲਿਆ। ਡਾ. ਮੋਨਿਕਾ ਨੇ ਕਿਹਾ ਕਿ ਸਮਕਾਲੀ ਪੰਜਾਬ ਨੂੰ ਆਤਮ ਨਿਰੀਖਣ ਦੀ ਲੋੜ ਹੈ ਕਿਉਂਕਿ ਸਾਨੂੰ ਦੱਸੇ ਅਤੇ ਪੜ੍ਹਾਏ ਜਾਣ ਵਾਲੇ ਆਦਰਸ਼ਕ ਪੰਜਾਬ ਅਤੇ ਯਥਾਰਥਕ ਪੰਜਾਬ ਵਿਚ ਇਕ ਦਵੰਦ ਪੈਦਾ ਹੋ ਚੁੱਕਿਆ ਹੈ। ਡਾ. ਸੋਹਲ ਨੇ ਕਿਹਾ ਕਿ ਦੂਰ ਅੰਦੇਸ਼ੀ ਵਾਲੀ ਦ੍ਰਿਸ਼ਟੀ ਤੋਂ ਖੁੰਝਣ ਕਾਰਨ ਪੰਜਾਬੀ ਮਨੁੱਖ ਦੀ ਵਿਚਾਰਕਤਾ ਅਤੇ ਵਿਵਹਾਰਕਤਾ ਵਿਚਕਾਰ ਅੰਤਰ ਆ ਚੁੱਕਿਆ ਹੈ। ਸਿੱਟੇ ਵਜੋਂ ਸਮਕਾਲੀ ਪੰਜਾਬ ਦਾ ਅਕਸ ਕਈ ਪੱਖਾਂ ਤੋਂ ਨਿਰਾਸ਼ਾ ਵੀ ਪੈਦਾ ਕਰਦਾ ਹੈ। ਅਮਨਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵੱਖ ਵੱਖ ਪੱਧਰਾਂ ’ਤੇ ਪੰਜਾਬ ਵਿਚ ਕਈ ਪੰਜਾਬ ਹੋ ਚੁੱਕੇ ਹਨ ਤੇ ਪੰਜਾਬੀ ਮਨ ਆਪਣੀ ਨਾਕਾਰਾਤਮਕਤਾ ਨੂੰ ਲੁਕੋਣ ਲਈ ਪੰਜਾਬ ਦੀਆਂ ਸਕਾਰਾਤਮਕ ਸਿਰਜਣਾਵਾਂ ਦਾ ਓਹਲਾ ਪੈਦਾ ਕਰ ਲੈਂਦਾ ਹੈ। ਇਸ ਮੌਕੇ ਲਾਈਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ।