ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 1 ਅਕਤੂਬਰ
ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਅੰਮ੍ਰਿਤਸਰ-ਦਿੱਲੀ ਮੁੱਖ ਮਾਰਗ ’ਤੇ ਸਵੇਰੇ ਕਰੀਬ 10 ਵਜੇ ਤੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਧਰਨਾ ਲਗਾ ਦਿੱਤਾ। ਜ਼ਿਕਰਯੋਗ ਹੈ ਕਿ ਕੱਲ੍ਹ ਵੀ ਇਸੇ ਮਾਰਗ ’ਤੇ ਕਿਸਾਨ ਯੂਨੀਅਨ ਵੱਲੋਂ ਜਾਮ ਲਗਾਇਆ ਗਿਆ ਸੀ। ਇਸ ਕਾਰਨ ਕੱਲ੍ਹ ਵੀ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਜਾਮ ਕਰਨ ਨਾਲ ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂਆਂ ਤੇ ਹੋਰ ਯਾਤਰੂਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਜਾਮ ਵਿੱਚ ਫਸੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਵਿੱਚ ਦਿਕਤ ਆਈ। ਸਥਿਤੀ ਇੱਥੋਂ ਤੱਕ ਗੰਭੀਰ ਹੋ ਗਈ ਕਿ ਬਦਲਵੇਂ ਰਾਹਾਂ ਉੱਪਰ ਪਿੰਡਾਂ ਵਿਚੋਂ ਜਾਣ ਵਾਲੀਆਂ ਸੜਕਾਂ ਵੀ ਵਾਹਨਾਂ ਕਾਰਨ ਜਾਮ ਹੋ ਗਈਆਂ। ਅੰਮ੍ਰਿਤਸਰ ਜਾਣ ਵਾਲਾ ਮਾਰਗ ਬਾਕੀ ਖੇਤਰ ਨਾਲੋਂ ਲਗਪਗ ਕੱਟਿਆ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਆਗੂ ਜੋਧ ਸਿੰਘ ਨੇ ਦੱਸਿਆ ਆਮ ਆਦਮੀ ਪਾਰਟੀ ਚੋਣਾਂ ਵੇਲੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਸੀ ਪਰ ਹੁਣ ਸੱਤਾ ਵਿੱਚ ਆਉਂਦਿਆਂ ਹੀ ਵਾਅਦੇ ਭੁੱਲ ਕੇ ਨਵੀਂ ਭਰਤੀ ਸ਼ੁਰੂ ਕਰ ਰਹੀ ਹੈ। ਧਰਨਾਕਾਰੀਆਂ ਨੇ ਕਿਹਾ ਜੇ ਸਰਕਾਰ ਵੱਲੋਂ ਤੁਰੰਤ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਨਾ ਮੰਨਿਆ ਗਿਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਹੋ ਸਕਦਾ ਹੈ। ਧਰਨਾਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤਰਨ ਤਾਰਨ ਤੋਂ ਸਤਨਾਮ ਸਿੰਘ, ਜਸਬੀਰ ਸਿੰਘ ਪੱਟੀ, ਬਲਜੀਤ ਸਿੰਘ, ਅਵਤਾਰ ਸਿੰਘ, ਗੁਰਬਿੰਦਰ ਸਿੰਘ ਗਿੱਲ, ਸ਼ਿਵਪਾਲ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ ਤਰਨ ਤਾਰਨ, ਦਿਲਬਾਗ ਸਿੰਘ ਆਦਿ ਵਰਕਰ ਹਾਜ਼ਰ ਸਨ। ਨੈਸ਼ਨਲ ਹਾਈਵੇ ‘ਤੇ ਜਾਮ ਲੱਗਣ ਨਾਲ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।