ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 17 ਜੁਲਾਈ
ਗੋਇੰਦਵਾਲ ਇੰਡਸਟਰੀ ਕੰਪਲੈਕਸ ਨੂੰ ਜਾਂਦੀ ਸੜਕ ਨਵੀਂ ਬਣਨ ਦੇ ਕੇਵਲ ਤਿੰਨ ਮਹੀਨਿਆਂ ਬਾਅਦ ਹੀ ਟੁੱਟਣ ਕਾਰਨ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜਿਸ ’ਤੇ ਸਥਾਨਕ ਲੋਕਾਂ ਨੇ ਨਵੀਂ ਸੜਕ ਬਨਾਉਣ ਸਮੇਂ ਪੀਡਬਲਯੂਡੀ ਵਿਭਾਗ ਵੱਲੋਂ ਕਥਿਤ ਮਾੜੀ ਕਿਸਮ ਦੀ ਸਮੱਗਰੀ ਵਰਤਣ ਕਾਰਨ ਸਵਾਲ ਖੜ੍ਹੇ ਕਰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।
ਇਸ ਸਬੰਧੀ ਹਰਪ੍ਰੀਤ ਸਿੰਘ ਧੁੰਨਾ, ਅਵਤਾਰ ਸਿੰਘ, ਦੇਸਵੀਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਗੋਇੰਦਵਾਲ ਸਾਹਿਬ ਤੋਂ ਇੰਡਸਟਰੀ ਕੰਪਲੈਕਸ ਨੂੰ ਜਾਣ ਵਾਲੀ ਸੜਕ ਦੀ ਤਰਸਯੋਗ ਹਾਲਤ ਬਣੀ ਹੋਈ ਸੀ। ਇਲਾਕਾ ਵਾਸੀਆਂ ਦੀ ਮੰਗ ’ਤੇ ਸਰਕਾਰ ਵੱਲੋਂ ਸੜਕ ਤਾਂ ਬਣਾ ਦਿੱਤੀ ਗਈ ਪਰ ਪੀਡਬਲਯੂਡੀ ਵਿਭਾਗ ਵੱਲੋਂ ਕਥਿਤ ਤੌਰ ’ਤੇ ਘਟੀਆ ਮਟੀਰੀਅਲ ਨਾਲ ਬਣਾਈ ਗਈ ਇਹ ਸੜਕ ਤਿੰਨ ਮਹੀਨਿਆਂ ਅੰਦਰ ਹੀ ਟੁੱਟ ਗਈ ਹੈ। ਜਿਸ ਦੀ ਜਾਂਚ ਸਬੰਧੀ ਅਤੇ ਸੜਕ ਨੂੰ ਦੁਬਾਰਾ ਬਨਾਉਣ ਸਬੰਧੀ ਸੜਕ ਬਨਾਉਣ ਵੇਲੇ ਘਟੀਆ ਮਟੀਰੀਅਲ ਵਰਤਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਹਰਪ੍ਰੀਤ ਸਿੰਘ ਧੁੰਨਾ ਨੇ ਕਿਹਾ ਕਿ ਵਿਭਾਗ ਆਪਣੀ ਨਾਲਾਇਕੀ ਛਪਾਉਣ ਲਈ ਨਵੀਂ ਬਣਾਈ ਸੜਕ ਦੀ ਮੁਰੰਮਤ ਕਰ ਰਿਹਾ ਹੈ।