ਪੱਤਰ ਪ੍ਰੇਰਕ
ਮਾਨਸਰ, 25 ਸਤੰਬਰ
ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਬਣਨ ਮਗਰੋਂ ਪ੍ਰੋ. ਜੀ.ਐੱਸ ਮੁਲਤਾਨੀ ਦਾ ਜੱਦੀ ਪਿੰਡ ਮਨਸੂਰਪੁਰ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਸਮੇਂ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਇਕ ਕੌਮੀ ਪਾਰਟੀ ਨੇ ਉਨ੍ਹਾਂ ਦੇ ਪਿੰਡ ਦੇ ਪੜ੍ਹੇ-ਲਿਖੇ, ਇਮਾਨਦਾਰ ਅਤੇ ਆਮ ਲੋਕਾਂ ਦੇ ਕੰਮ ਕਰਵਾਉਣ ਵਾਲੇ ਪ੍ਰੋ. ਜੀ.ਐੱਸ ਮੁਲਤਾਨੀ ਨੂੰ ਆਮ ਆਦਮੀ ਪਾਰਟੀ ਮੁਕੇਰੀਆਂ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ।ਇਸ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦੀ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਡਾ. ਹਰਮਿੰਦਰ ਸਿੰਘ ਬਖਸ਼ੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਮੋਹਨ ਲਾਲ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਜਨਰਲ ਸਕੱਤਰ ਕਰਮਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੋ. ਮੁਲਤਾਨੀ ਉੱਪਰ ਭਰੋਸਾ ਕਰਕੇ ਉਨ੍ਹਾਂ ਨੂੰ ਹਲਕਾ ਮੁਕੇਰੀਆਂ ਦਾ ਇੰਚਾਰਜ ਲਗਾਇਆ ਹੈ ਅਤੇ ਪਾਰਟੀ ਨੂੰ ਵਿਸ਼ਵਾਸ ਹੈ ਕਿ ਪ੍ਰੋ. ਮੁਲਤਾਨੀ 2022 ਦੀਆਂ ਚੋਣਾਂ ਨੂੰ ਪੂਰੀ ਮਿਹਨਤ ਨਾਲ ਲੜਨਗੇ। ਅੰਤ ਵਿੱਚ ਪ੍ਰੋ. ਮੁਲਤਾਨੀ ਨੇ ਹੁਸ਼ਿਆਰਪੁਰ ਤੋਂ ਆਈ ਟੀਮ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਸੁਖਵਿੰਦਰ ਸਿੰਘ, ਗੁਲਜ਼ਾਰ ਸਿੰਘ, ਹਰਭਜਨ ਮਸੀਹ, ਯੂਨਸ ਮਸੀਹ, ਦਵਿੰਦਰ ਸਿੰਘ ਪੱਪੂ, ਗੁਲਸ਼ਨ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ, ਪਰਸਨ ਸਿੰਘ, ਪ੍ਰਿਤਪਾਲ ਸਿੰਘ, ਅਮਨ ਸਮੇਤ ਵੱਡੀ ਗਿਣਤੀ ਸਥਾਨਕ ਲੋਕ ਹਾਜ਼ਰ ਸਨ।