ਪੱਤਰ ਪ੍ਰੇਰਕ
ਤਰਨ ਤਾਰਨ, 19 ਅਕਤੂਬਰ
ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਹਰੀਕੇ ਰੇਂਜ ਦੀ ਇਕ ਟੀਮ ਨੇ ਹਰੀਕੇ ਦਰਿਆ ’ਚੋਂ ਨਾਜਾਇਜ਼ ਤੌਰ ’ਤੇ ਮੱਛੀ ਦਾ ਸ਼ਿਕਾਰ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ| ਮੱਛੀ ਦਾ ਸ਼ਿਕਾਰ ਕਰਨ ਵਾਲੇ ਦੋਸ਼ੀ ਵਿਭਾਗ ਦੀ ਟੀਮ ਨੂੰ ਦੇਖਦਿਆਂ ਹੀ ਮੌਕੇ ਤੋਂ ਫਰਾਰ ਹੋ ਗਏ ਅਤੇ ਵਿਭਾਗ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੀਆਂ ਕਿਸ਼ਤੀਆਂ ਆਦਿ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ| ਹਰੀਕੇ ਦੇ ਵਣ ਰੇਂਜ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਵਿਭਾਗ ਦੀ ਇਕ ਟੀਮ ਨੇ ਮੰਡ ਖੇਤਰ ਦੇ ਕਿੜੀਆਂ ਅਤੇ ਕੰਬੋਅ ਪਿੰਡਾਂ ਅਧੀਨ ਆਉਂਦੇ ਦਰਿਆ ਬਿਆਸ ਦੇ ਘੇਰੇ ਵਿੱਚੋਂ ਸੋਮਵਾਰ ਨੂੰ ਦੋ ਜਣਿਆਂ ਵਲੋਂ ਮੱਛੀ ਦਾ ਨਾਜਾਇਜ਼ ਤੌਰ ’ਤੇ ਸ਼ਿਕਾਰ ਕਰਨ ਵਾਲਿਆਂ ਨੂੰ ਦੇਖਿਆ ਤਾਂ ਉਹ ਵਿਭਾਗ ਦੀ ਟੀਮ ਨੂੰ ਦੇਖਦਿਆਂ ਹੀ ਆਪਣਾ ਸਾਮਾਨ ਆਦਿ ਮੌਕੇ ’ਤੇ ਛੱਡ ਕੇ ਫਰਾਰ ਹੋ ਗਏ| ਮੁਲਜ਼ਮਾਂ ਦੀ ਪਛਾਣ ਪਿੰਡ ਭਰੋਆਣਾ ਦੇ ਦੋ ਭਰਾਵਾਂ ਗੁਰਮੇਜ ਮਸੀਹ ਅਤੇ ਪੰਮਾ ਮਸੀਹ ਦੇ ਤੌਰ ’ਤੇ ਕੀਤੀ ਗਈ ਹੈ|