ਪੱਤਰ ਪ੍ਰੇਰਕ
ਚੇਤਨਪੁਰਾ, 5 ਸਤੰਬਰ
ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਗੁੱਜਰਾਂ ਵਿੱਚ ਰੰਜਿਸ਼ ਤਹਿਤ ਫ਼ਸਲ ਬਰਬਾਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਕੋਟਲਾ ਗੁੱਜਰਾਂ ਦੀ ਵਸਨੀਕ ਵਿਧਵਾ ਕਿਸਾਨ ਔਰਤ ਸੁਖਰਾਜ ਕੌਰ ਅਤੇ ਉਸ ਦੇ ਪੁੱਤਰ ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਹੀ ਪਿੰਡ ਦੇ ਵਸਨੀਕ ਜਗਪ੍ਰੀਤ ਸਿੰਘ ਵੱਲੋਂ ਕਥਿਤ ਤੌਰ ’ਤੇ ਸਪਰੇਅ ਕਰ ਕੇ ਉਨ੍ਹਾਂ ਦੀ 4 ਕਨਾਲ ਦੇ ਕਰੀਬ ਝੋਨੇ ਦੀ ਫਸਲ ਨੂੰ ਸਾੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਗਪ੍ਰੀਤ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਉਨ੍ਹਾਂ ਦੀ ਪੁਰਾਣੀ ਰੰਜਿਸ਼ ਹੈ, ਜਿਸ ਕਰਕੇ ਪਹਿਲਾਂ ਵੀ ਉਸ ਵੱਲੋਂ ਕਈ ਵਾਰ ਸਾਡੀ ਫ਼ਸਲ ਨੂੰ ਵਾਹਿਆ ਗਿਆ ਹੈ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਕਥਿਤ ਦੋਸ਼ੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਬਾਰੇ ਦੂਜੀ ਧਿਰ ਦੇ ਜਗਪ੍ਰੀਤ ਸਿੰਘ ਨੇ ਕਿਹਾ,‘ਪਹਿਲਾਂ ਇਨ੍ਹਾਂ ਵੱਲੋਂ ਸਾਡੀ ਫਸਲ ਨੂੰ ਖ਼ਰਾਬ ਕੀਤੀ ਗਈ ਸੀ ਤੇ ਹੁਣ ਤਾਂ ਏਦਾਂ ਹੀ ਚੱਲੂ।’ ਇਸ ਮਾਮਲੇ ਸਬੰਧੀ ਥਾਣਾ ਮਜੀਠਾ ਦੇ ਮੁਖੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।