ਪੱਤਰ ਪ੍ਰੇਰਕ
ਪਠਾਨਕੋਟ, 1 ਜੂਨ
ਹਿੰਦੂ ਕੋਆਪਰੇਟਿਵ ਬੈਂਕ ਦੇ ਖਾਤਾਧਾਰਕਾਂ ਦੀ ਸੰਘਰਸ਼ ਕਮੇਟੀ ਨੇ ਪ੍ਰਧਾਨ ਰਜਤ ਬਾਲੀ ਦੀ ਅਗਵਾਈ ਵਿੱਚ ਬੈਂਕ ਵਿੱਚੋਂ ਪੈਸਿਆਂ ਦੀ ਨਿਕਾਸੀ ਨਾ ਹੋਣ ਤੇ ਬੈਂਕ ਪ੍ਰਸ਼ਾਸਨ ਦੇ ਵਿਰੁੱਧ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਸੰਘਰਸ਼ ਕਮੇਟੀ ਦੇ ਆਗੂ ਅਤੇ ਖਾਤਾਧਾਰਕ ਸਮਰਿੰਦਰ ਸ਼ਰਮਾ ਨੇ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਹਿੰਦੂ ਕੋਆਪਰੇਟਿਵ ਬੈਂਕ ਤੇ ਕਿਸੇ ਪ੍ਰਕਾਰ ਦੀ ਪਾਬੰਦੀ ਨਹੀਂ ਲਗਾਈ, ਬਲਿਕ ਸੁਚਾਰੂ ਰੂਪ ਨਾਲ ਚਲਾਉਣ ਦੀ ਇਜ਼ਾਜਤ ਦੇ ਰੱਖੀ ਹੈ। ਪਰ ਬੈਂਕ ਖਾਤਾਧਾਰਕਾਂ ਨੂੰ ਹਰ ਮਹੀਨੇ 1-1 ਲੱਖ ਰੁਪਏ ਕੱਢਣ ਦੀ ਇਜ਼ਾਜਤ ਦਿੰਦਾ ਹੈ। ਮਾਰਚ 2022 ਤੋਂ ਇਹ ਇੱਕ ਇੱਕ ਲੱਖ ਦੇਣੇ ਵੀ ਬੰਦ ਕਰ ਦਿੱਤੇ। ਇਸ ਸਬੰਧੀ ਰਜਤ ਬਾਲੀ ਦੀ ਅਗਵਾਈ ਵਿੱਚ ਵਫ਼ਦ ਨੇ ਬੈਂਕ ਦੇ ਸੀਨੀਅਰ ਮੈਨੇਜਰ ਰਾਜੀਵ ਨਾਲ ਮੁਲਾਕਾਤ ਕੀਤੀ। ਮੈਨੇਜਰ ਰਾਜੀਵ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕੁਝ ਦਿਨ ਰੁੱਝੇ ਹੋਏ ਹਨ। ਉਨ੍ਹਾਂ ਦੇ ਵਾਪਸ ਆਉਣ ’ਤੇ ਇਸ ਸਮੱਸਿਆ ਦੇ ਹੱਲ ਬਾਰੇ ਚਰਚਾ ਕੀਤੀ ਜਾਵੇਗੀ। ਬੈਂਕ ਅਧਿਕਾਰੀ ਦੇ ਕਹਿਣ ’ਤੇ ਸੰਘਰਸ਼ ਕਮੇਟੀ ਨੇ ਆਪਣਾ ਧਰਨਾ ਇੱਕ ਹਫ਼ਤੇ ਲਈ ਟਾਲ ਦਿੱਤਾ ਹੈ।