ਨਰਿੰਦਰ ਸਿੰਘ
ਭਿੱਖੀਵਿੰਡ, 31 ਮਈ
ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੈਰੋਂ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਵੱਲੋਂ ਗਲਤ ਰਿਪੋਰਟ ਤਿਆਰ ਕਰਨ ਤੋਂ ਇਨਕਾਰ ਕਰਨ ’ਤੇ ਕੁਝ ਵਿਅਕਤੀਆਂ ਨੇ ਡਾਕਟਰੀ ਸਟਾਫ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ।
ਇਸ ਸਬੰਧੀ ਹਸਪਤਾਲ ਵਿੱਚ ਮੌਜੂਦ ਮਹਿਲਾ ਸਟਾਫ ਅਤੇ ਡਾਕਟਰਾਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਸ਼ੇਰੋਂ ਤੋਂ ਝਗੜੇ ਵਿੱਚ ਮਾਮੂਲੀ ਜ਼ਖਮੀ ਮਹਿਲਾ ਗੁਰਪਿੰਦਰ ਕੌਰ ਨੂੰ ਲੈ ਕੇ ਕੁਝ ਲੋਕ ਹਸਪਤਾਲ ਆਏ ਅਤੇ ਉਹ ਸਟਾਫ ’ਤੇ ਦਬਾਅ ਬਣਾਉਣ ਲੱਗੇ ਕਿ ਮਹਿਲਾ ਦੀ ਸੱਟ ਸਬੰਧੀ 307 ਦੀ ਰਿਪੋਰਟ ਦਿੱਤੀ ਜਾਵੇ। ਜਦ ਡਾਕਟਰ ਵੱਲੋਂ ਗਲਤ ਰਿਪੋਰਟ ਤਿਆਰ ਕਰਨ ਤੋਂ ਇਨਕਾਰ ਕਰਨ ’ਤੇ ਉਹ ਮਹਿਲਾ ਸਟਾਫ ਅਤੇ ਡਾਕਟਰਾਂ ਨੂੰ ਧਮਕਾਉਣ ਲੱਗ ਪਏ, ਜਿਸ ’ਤੇ ਡਾਕਟਰ ਨੇ ਸਵੇਰੇ ਰਿਪੋਰਟ ਦੇਣ ਦੀ ਗੱਲ ਕੀਤੀ। ਅੱਜ ਸਵੇਰੇ ਡਿਊਟੀ ’ਤੇ ਆਏ ਡਾਕਟਰ ਮਨਜੀਤ ਰਾਏ ਨਾਲ ਵੀ ਉਕਤ ਵਿਅਕਤੀ ਦੁਰਵਿਹਾਰ ਕਰਨ ਲੱਗ ਗਏ। ਇਸ ਮਾਮਲੇ ਵਿੱਚ ਪੁਲੀਸ ਨੇ ਸਬੰਧਤ ਤਿੰਨ ਵਿਅਕਤੀਆਂ ਵਿੱਚੋਂ ਇਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਸਬੰਧੀ ਐੱਸਐੱਮਓ ਕੈਰੋਂ ਨੇ ਕਿਹਾ ਕਿ ਹਸਪਤਾਲ ਸਟਾਫ ਨਾਲ ਹੋਈ ਬਦਸਲੂਕੀ ਅਤੇ ਕੁੱਟਮਾਰ ਸਬੰਧੀ ਉਨ੍ਹਾਂ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਉਕਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਪੱਟੀ ਥਾਣੇ ਦੇ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਡਾਕਟਰਾਂ ਵੱਲੋਂ ਸ਼ਿਕਾਇਤ ਮਿਲੀ ਹੈ ਕਿ ਹਸਪਤਾਲ ਵਿੱਚ 3 ਵਿਅਕਤੀਆਂ ਵੱਲੋਂ ਸਟਾਫ ਨਾਲ ਦੁਰਵਿਹਾਰ ਕੀਤਾ ਗਿਆ ਹੈ ਜਿਸ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।