ਗੁਰਬਖਸ਼ਪੁਰੀ
ਤਰਨ ਤਾਰਨ, 26 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕੈਪਟਨ ਨੂੰ ਰਾਜਾ ਅਤੇ ਬਾਦਲਾਂ ਨੂੰ ਰਜਵਾੜੇ ਦੱਸਦੇ ਹੋਏ ਕਿਹਾ, ‘‘ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਦੌਲਤ-ਸੰਪਤੀ ਇਕੱਠੀ ਕੀਤੀ ਅਤੇ ਹੁਣ ਉਹ ਆਮ ਲੋਕਾਂ ਨੂੰ ‘ਮਲੰਗ’ ਅਤੇ ‘ਮਟੀਰੀਅਲ’ ਕਹਿੰਦੇ ਹਨ।’’ ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਗਾਰੰਟੀ ਨੂੰ ਛੱਡ ਕੇ ਸਾਲ 2022 ਦੀਆਂ ਚੋਣਾਂ ਦੌਰਾਨ ਦਿੱਤੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ ਤੇ ਜਲਦੀ ਹੀ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਦਿਨ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਬਣ ਜਾਣਗੇ, ਉਸ ਦਿਨ ਭ੍ਰਿਸ਼ਟਾਚਾਰ ਨੂੰ ਠੱਲ੍ਹ ਪੈ ਜਾਵੇਗੀ। ਉਨ੍ਹਾਂ ਕਿਹਾ, ‘‘ਅਸੀਂ ਇੱਕ ਅੰਦੋਲਨ ਤੋਂ ਨਿਕਲ ਕੇ ਆਏ ਹਾਂ, ਅਸੀਂ ਜੇਲ੍ਹਾਂ ਜਾਣ ਤੋਂ ਨਹੀਂ ਡਰਦੇ। ‘ਆਪ’ ਸਰਕਾਰ ਪੰਜਾਬ ਦੇ ਹਰ ਵਰਗ ਦੀ ਸਰਕਾਰ ਹੈ, ਅਸੀਂ ਕਿਸੇ ਕਿਸਮ ਦਾ ਭੇਦਭਾਵ ਨਹੀਂ ਕਰਦੇ। ਅਸੀਂ ਦੋ ਸਾਲਾਂ ਦੇ ਕੰਮ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਾਂ। ਕੇਂਦਰ ’ਚ 10 ਸਾਲ ਦੀ ਸਰਕਾਰ ਹੋਣ ਤੋਂ ਬਾਅਦ ਵੀ ਨਰਿੰਦਰ ਮੋਦੀ ਧਰਮ, ਜਾਤ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ।’’ ਉਨ੍ਹਾਂ ਲੋਕਾਂ ਨੂੰ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਵੱਲੋਂ ਕੁਝ ਪੱਛੜੀਆਂ ਸ਼੍ਰੇਣੀਆਂ ਬਾਰੇ ਕੀਤੀਆਂ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰਨ ਲਈ ਆਖਿਆ।
ਪ੍ਰਸ਼ਾਸਨ ਤੇ ਦਿਵਿਆਂਗਾਂ ਦਰਮਿਆਨ ਤਣਾਅ ਵਾਲੀ ਸਥਿਤ ਬਣੀ
ਜ਼ਿਲ੍ਹੇ ਦੇ ਕਸਬਾ ਪੱਟੀ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਉਣ ’ਤੇ ਪ੍ਰਸ਼ਾਸਨ ਅਤੇ ਦਿਵਿਆਂਗ ਵਿਅਕਤੀਆਂ ਦਰਮਿਆਨ ਸਥਿਤੀ ਖਿਚੋਤਾਣ ਵਾਲੀ ਬਣੀ ਰਹੀ| ਦਿਵਿਆਂਗ ਐਕਸ਼ਨ ਕਮੇਟੀ ਦੇ ਝੰਡੇ ਹੇਠ ਦਿਵਿਆਂਗ ਵਿਅਕਤੀਆਂ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੱਟੀ ਦੀ ਫੇਰੀ ਮੌਕੇ ਇੱਥੇ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਇਸ ਨੂੰ ਰੋਕਣ ਲਈ ਅੱਜ ਵੱਡੀ ਗਿਣਤੀ ਦਿਵਿਆਂਗ ਵਿਅਕਤੀਆਂ ਨੂੰ ਪੁਲੀਸ ਨੇ ਕਈ ਘੰਟੇ ਹਿਰਾਸਤ ਵਿੱਚ ਰੱਖਿਆ| ਉਨ੍ਹਾਂ ਨੂੰ ਮੁੱਖ ਮੰਤਰੀ ਦੇ ਜਾਣ ’ਤੇ ਹੀ ਰਿਹਾਅ ਕੀਤਾ ਗਿਆ| ਇਸ ਤੋਂ ਪਹਿਲਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਦੀ ਤਰਨ ਤਾਰਨ ਸਥਿਤ ਨਾਨਕਸਰ ਆਬਾਦੀ ਵਿਚਲੀ ਰਿਹਾਇਸ਼ ਦੀ ਪੁਲੀਸ ਨੇ ਘੇਰਾਬੰਦੀ ਕਰੀ ਰੱਖੀ| ਲਖਬੀਰ ਸਿੰਘ ਸੈਣੀ ਨੇ ਦੱਸਿਆ ਕਿ ਜਥੇਬੰਦੀ ਨੇ ‘ਦਿਵਿਆਂਗ ਬਚਾਓ, ਸਰਕਾਰ ਜਗਾਓ’ ਤਹਿਤ ਰੋਸ ਮਾਰਚ ਕਰਨਾ ਸੀ। ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਚਾਰ-ਚੁਫੇਰੇ ਘੇਰਾਬੰਦੀ ਕਰ ਦਿੱਤੀ| ਇਸ ’ਤੇ ਦਿਵਿਆਂਗਾਂ ਨੇ ਤਰਨ ਤਾਰਨ ਦੀ ਡਰੇਨ ਦੇ ਪੁਲ ’ਤੇ ਧਰਨਾ ਸ਼ੁਰੂ ਕਰ ਦਿੱਤਾ| ਇਸ ਨਾਲ ਸ਼ਹਿਰ ਅੰਦਰ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਹੀ| ਜਥੇਬੰਦੀ ਦੇ ਸੂਬਾ ਆਗੂ ਲਖਬੀਰ ਸਿੰਘ ਸੈਣੀ ਦੀ ਅਗਵਾਈ ਵਿਚ ਵੱਡੀ ਗਿਣਤੀ ਦਿਵਿਆਂਗਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਸ਼ਹਿਰ ਅੰਦਰ ਮਾਰਚ ਕਰ ਕੇ ਸੂਬਾ ਸਰਕਾਰ ਖ਼ਿਲਾਫ਼ ਰੋਹ ਦਾ ਪ੍ਰਗਟਾਵਾ ਕੀਤਾ| ਜਥੇਬੰਦੀ ਨੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਇਨਕਾਰ ਕਰਨ ਦੀ ਨਿਖੇਧੀ ਕੀਤੀ| ਜਥੇਬੰਦੀ ਉਨ੍ਹਾਂ ਦਾ ਦਿਵਿਆਂਗ ਭੱਤਾ ਵਧਾਉਣ, ਸਰਕਾਰੀ ਨੌਕਰੀਆਂ ਦੇਣ ਆਦਿ ’ਤੇ ਜ਼ੋਰ ਦੇ ਰਹੀ ਹੈ|