ਪਠਾਨਕੋਟ (ਪੱਤਰ ਪ੍ਰੇਰਕ): ਸਥਾਨਕ ਇੰਦਰਾ ਕਲੋਨੀ ਦੇ ਮੁੱਖ ਮੋੜ ਤੇ ਸਥਿਤ ਮਾਰਕੀਟ ਵਿੱਚ ਨਿਊ ਗੁਪਤਾ ਗਾਰਮੈਂਟਸ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ ਜਿਸ ’ਤੇ ਫਾਇਰ ਬ੍ਰਿਗੇਡ ਦੇ ਦਸਤਿਆਂ ਨੇ ਭਾਰੀ ਮੁਸ਼ੱਕਤ ਬਾਅਦ ਕਾਬੂ ਪਾ ਲਿਆ। ਅੱਗ ਵਿੱਚ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦੇ ਹੋਏ ਹੋਲਸੇਲ ਗਾਰਮੈਂਟਸ ਦੀ ਦੁਕਾਨ ਦੇ ਮਾਲਕ ਲੱਕੀ ਗੁਪਤਾ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਚਲਾ ਗਿਆ ਸੀ ਅਤੇ ਉਸ ਨੂੰ ਅੱਜ ਸਵੇਰੇ ਤੜਕੇ 4 ਵਜੇ ਦੇ ਕਰੀਬ ਉਸ ਦੇ ਗੁਆਂਢੀ ਦੁਕਾਨਦਾਰ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਹੈ ਅਤੇ ਸੜਨ ਦੀ ਬਦਬੂ ਆ ਰਹੀ ਹੈ। ਉਹ ਤੁਰੰਤ ਦੁਕਾਨ ਤੇ ਪੁੱਜਿਆ ਤਾਂ ਅੱਗ ਨੇ ਸ਼ੋਅਰੂਮ ਨੂੰ ਪੂਰੀ ਤਰ੍ਹਾਂ ਲਪੇਟ ਵਿੱਚ ਲੈ ਰੱਖਿਆ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪੁੱਜ ਕੇ ਅੱਗ ਉਪਰ ਕਾਬੂ ਪਾਇਆ।