ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 15 ਮਈ
ਇੱਥੇ ਸੁਲਤਾਨਵਿੰਡ ਰੋਡ ਸਥਿਤ 100 ਫੁੱਟੀ ਸੜਕ ਦੇ ਚੌਕ ਨੇੜੇ ਕਰਿਆਨੇ ਦੇ ਵੱਡੇ ਸਟੋਰ ਨੂੰ ਅੱਜ ਸ਼ਾਮ ਅੱਗ ਲੱਗ ਗਈ। ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਜੱਦੋ-ਦਹਿਦ ਕਰ ਰਹੀਆਂ ਹਨ। ਸਟੋਰ ਵਿੱਚ ਸਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਸੀ। ਦੁਕਾਨ ਦੇ ਮਾਲਕ ਅਨਿਲ ਕਿਸ਼ੋਰ ਨੇ ਦੱਸਿਆ ਕਿ ਅੱਜ ਐਤਵਾਰ ਹੋਣ ਕਰ ਕੇ ਸਟੋਰ ਬੰਦ ਸੀ ਅਤੇ ਤਕਰੀਬਨ 6-30 ਵਜੇ ਉਨ੍ਹਾਂ ਨੂੰ ਅੱਗ ਲੱਗਣ ਦੀ ਖਬਰ ਮਿਲੀ ਸੀ। ਸੂਚਨਾ ਦੇਣ ’ਤੇ ਸੇਵਾ ਸੁਸਾਇਟੀ ਫਾਇਰ ਸਰਵਿਸ ਢਾਬ ਤੋਂ ਇੱਕ ਗੱਡੀ ਅਤੇ ਨਗਰ ਨਿਗਮ ਦੇ ਫਾਇਰ ਵਿਭਾਗ ਤੋਂ ਦੋ ਗੱਡੀਆਂ ਅੱਗ ਬੁਝਾਉਣ ’ਚ ਜੁੱਟ ਗਈਆਂ। ਅੱਗ ਲੱਗਣ ਦੇ ਕਾਰਨ ਬਾਰੇ ਪੁੱਛਣ ’ਤੇ ਅਨਿਲ ਕਿਸ਼ੋਰ ਨੇ ਦੱਸਿਆ ਕਿ ਦੋ ਤਿੰਨ ਦਿਨਾਂ ਤੋਂ ਬਿਜਲੀ ਬਹੁਤ ਜ਼ਿਆਦਾ ਵਧ ਘਟ ਰਹੀ ਸੀ, ਜੋ ਅੱਗ ਲੱਗਣ ਦਾ ਕਾਰਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਟੋਰ ਬੰਦ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਸਟੋਰ ਵਿੱਚ ਪਿਆ ਸਾਮਾਨ ਸੜ ਜਾਣ ਕਰਕੇ ਲੱਖਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸੇ ਦੌਰਾਨ ਮੌਕੇ ’ਤੇ ਮੌਜੂਦ ਥਾਣਾ ਬੀ-ਡਿਵੀਜ਼ਨ ਮੁਖੀ ਨਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਕਾਰਵਾਈ ਆਰੰਭ ਦਿੱਤੀ ਹੈ।