ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 26 ਸਤੰਬਰ
ਪੇਂਡੂ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਚੇਅਰਮੈਨ ਫਾਰਮ ਹਾਊਸ ਵਿੱਚ ਕਿਰਤੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੋਸ਼ਟੀ ਕੀਤੀ ਗਈ। ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਮਜ਼ਦੂਰ ਸ਼ਾਮਲ ਹੋਏ। ਇਸ ਮੌਕੇ ਮੌਜੂਦਾ ਕੇਂਦਰ ਤੇ ਸੂਬਾ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਬਾਰੇ ਭਰਵੀਂ ਚਰਚਾ ਕਰਦਿਆਂ ਸਿੱਟਾ ਕੱਢਿਆ ਕਿ ਮਜ਼ਦੂਰ ਜਮਾਤ ਵਿੱਚ ਭਾਰੀ ਬੇਚੈਨੀ ਤੇ ਗੁੱਸਾ ਪਾਇਆ ਜਾ ਰਿਹਾ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਪੀਟਰ ਮਸੀਹ ਅਤੇ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਰੇਤੇ ਦੀ ਸਪਲਾਈ ਨਿਰਵਿਘਨ ਕੀਤੀ ਜਾਵੇ, ਕਿਰਤ ਵਿਭਾਗ ਵਿੱਚ ਮੁਲਾਜ਼ਮ ਭਰਤੀ ਕਰਨ, ਘੱਟੋ-ਘੱਟ ਉਜਰਤਾਂ ਲਾਗੂ ਕਰਨ, ਵਜ਼ੀਫਾ ਸਕੀਮ ਅਤੇ ਹੋਰ ਭਲਾਈ ਸਕੀਮਾਂ ਮਜ਼ਦੂਰਾਂ ਨੂੰ ਦੇਣ, ਯੂਨੀਅਨ ਦੀ ਰਜਿਸਟਰੇਸ਼ਨ ਇਕ ਹਫ਼ਤੇ ਵਿਚ ਯਕੀਨੀ ਬਣਾਉਣ, ਸਾਰੇ ਕਿਰਤੀਆਂ ਨੂੰ ਈਐੱਸਆਈ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਦਿੱਤੀਆਂ ਜਾਣ ਅਤੇ ਸੇਵਾ ਕੇਂਦਰਾਂ ਵਿਚ ਮਜ਼ਦੂਰਾਂ ਦੀ ਖੱਜਲ ਖੁਆਰੀ ਰੋਕੀ ਜਾਵੇ। ਇਸ ਮੌਕੇ ਰੌਸ਼ਨ ਮਸੀਹ ਛਿਛਰੇਵਾਲ, ਰਮਨ ਮਲਕਵਾਲ, ਪ੍ਰਭਜੋਤ ਕਾਲਾ ਅਫਗਾਨਾ, ਕਰਨੈਲ ਸਿੰਘ ਜਾਂਗਲਾ, ਪ੍ਰੇਮ ਮਸੀਹ, ਹਰਵਿੰਦਰ ਆਦਿ ਮੌਜੂਦ ਸਨ।