ਦਵਿੰਦਰ ਸਿੰਘ ਭੰਗੂ
ਰਈਆ, 22 ਸਤੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਲਕਾ ਦੀ ਪ੍ਰਿੰਸੀਪਲ ਦੇ ਰਵੱਈਏ ਵਿਰੁੱਧ ਅੱਜ ਬੱਚਿਆਂ ਦੇ ਮਾਪਿਆਂ ਅਤੇ ਪੰਚਾਇਤਾਂ ਵਲੋ ਦੂਸਰੇ ਦਿਨ ਵੀ ਧਰਨਾ ਲਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਵਲੋ ਵਿਸ਼ਵਾਸ ਦਿਵਾਉਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।ਉਨ੍ਹਾਂ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਫਿਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਪੁੱਜਣ ਤੋਂ ਪਹਿਲਾਂ ਹੀ ਸਵੇਰੇ ਦੁਬਾਰਾ ਸਕੂਲ ਗੇਟ ਦੇ ਉਪਰ ਰੋਸ ਧਰਨਾ ਸ਼ੁਰੂ ਕਰ ਦਿੱਤਾ ਅਤੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਉਕਤ ਪ੍ਰਿੰਸੀਪਲ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ। ਧਰਨਾਕਾਰੀਆਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਿੰਸੀਪਲ ਵਿਰੁੱਧ 30 ਸਤੰਬਰ ਤੱਕ ਕਾਰਵਾਈ ਕਰਨ ਦਾ ਸਮਾ ਦਿੱਤਾ ਹੈ। ਲਗਾਤਾਰ ਦੋ ਘੰਟੇ ਧਰਨਾ ਦੇਣ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਨੇ ਟੈਲੀਫ਼ੋਨ ’ਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਉਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ(ਅੰਮ੍ਰਿਤਸਰ) ਜੁਗਰਾਜ ਸਿੰਘ ਰੰਧਾਵਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਰਾਜ ਸਿੰਘ ਢਿੱਲੋਂ, ਪ੍ਰਿੰਸੀਪਲ ਰਾਜੀਵ ਕਪੂਰ ਬਿਆਸ ,ਪ੍ਰਿੰਸੀਪਲ ਰਾਜੀਵ ਕੱਕੜ ਖਿਲਚੀਆ ਅਧਾਰਿਤ ਕਮੇਟੀ ਸਕੂਲ ਪ੍ਰਿੰਸੀਪਲ ਕੰਵਲਜੀਤ ਕੌਰ ਵਿਰੁੱਧ ਜਾਂਚ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਲਕਾ ਪੁੱਜੀ। ਇੱਥੇ ਡੀਈਓ ਸ੍ਰੀ ਰੰਧਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧੂਲਕਾ ਸਕੂਲ ਵਿੱਚ ਜੋ ਪ੍ਰਿੰਸੀਪਲ ਵਿਰੁੱਧ ਮਾਮਲਾ ਚੱਲ ਰਿਹਾ ਹੈ ਉਸ ਸਬੰਧੀ ਲਿਖਤੀ ਬਿਆਨ ਲੈ ਲਏ ਹਨ।