ਨਿੱਜੀ ਪੱਤਰ ਪ੍ਰੇਰਕਤ
ਗੁਰਦਾਸਪੁਰ, 3 ਸਤੰਬਰ
ਸਿਟੀ ਪੁਲੀਸ ਨੇ ਕਾਂਗਰਸ ਦੇ ਹਲਕਾ ਯੂਥ ਪ੍ਰਧਾਨ ਨਕੁਲ ਮਹਾਜਨ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਬਦਸਲੂਕੀ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਦੇ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਅਭੀ ਚੌਧਰੀ ਵਾਸੀ ਇਸਲਾਮਾਬਾਦ ਮੁਹੱਲਾ, ਗੁਰਦਾਸਪੁਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ 30 ਅਗਸਤ ਨੂੰ ਰਸਤੇ ਵਿੱਚ ਮੌਜੂਦ ਨਕੁਲ ਮਹਾਜਨ ਨੇ ਉਸ ਨੂੰ ਰੋਕ ਲਿਆ ਅਤੇ ਆਪਣੇ ਦੋ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਅਭੀ ਨੇ ਦੋਸ਼ ਲਾਇਆ ਕਿ ਉਸ ਨੇ ਬੀਤੀ ਵਿਧਾਨ ਸਭਾ ਚੋਣ ਵਿੱਚ ‘ਆਪ’ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ। ਦੂਜੇ ਪਾਸੇ ਇਸ ਸਬੰਧੀ ਨਕੁਲ ਮਹਾਜਨ ਨੇ ਇਸ ਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ।