ਪੱਤਰ ਪ੍ਰੇਰਕ
ਤਰਨ ਤਾਰਨ, 21 ਅਗਸਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਅੱਜ ਇਕ ਮੀਟਿੰਗ ਪਿੱਦੀ ਦੇ ਗੁਰਦੁਆਰਾ ਬਾਬਾ ਕਾਹਨ ਸਿੰਘ ਦੇ ਸਥਾਨ ’ਤੇ ਕੀਤੀ ਗਈ, ਜਿਸ ਵਿੱਚ ਕਿਸਾਨਾਂ ਦੇ ਮਸਲਿਆਂ ਅਤੇ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਸੂਬਾ ਆਗੂ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਕਿਸਾਨ ਤੇ ਆਮ ਜਨਤਾ ਦੇ ਹਿੱਤਾਂ ਖਿਲਾਫ਼ ਆਖਦਿਆਂ ਇਨ੍ਹਾਂ ਨੀਤੀਆਂ ਖ਼ਿਲਾਫ਼ ਸਮਾਜ ਦੇ ਸਾਰੇ ਵਰਗਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ| ਮੀਟਿੰਗ ਵਿਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ ਤੇ ਖ਼ਜ਼ਾਨਚੀ ਫਤਹਿ ਸਿੰਘ ਪਿੱਦੀ ਨੇ ਵੀ ਵਿਚਾਰ ਪੇਸ਼ ਕੀਤੇ|
ਸੰਘਰਸ਼ ਕਮੇਟੀ ਵੱਲੋਂ ਜੰਤਰ-ਮੰਤਰ ਦੇ ਧਰਨੇ ਦੀ ਹਮਾਇਤ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਕੇਂਦਰ ਸਰਕਾਰ ਵੱਲੋਂ ਦਿੱਲੀ ਮੋਰਚੇ ਦੌਰਾਨ 9 ਦਸੰਬਰ 2021 ਨੂੰ ਲਿਖਤੀ ਤੌਰ ’ਤੇ ਮੰਨੀਆਂ ਮੰਗਾਂ ਤੋਂ ਭੱਜਣ ਖ਼ਿਲਾਫ਼ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਵੱਲੋਂ 22 ਅਗਸਤ ਨੂੰ ਜੰਤਰ-ਮੰਤਰ ਦਿੱਲੀ ਵਿੱਚ ਲੱਗਣ ਵਾਲੇ ਦੇਸ਼ ਪੱਧਰੀ ਵਿਸ਼ਾਲ ਧਰਨੇ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਬਲਜਿੰਦਰ ਤਲਵੰਡੀ ਵਲੋਂ ਜਾਰੀ ਲਿਖਤੀ ਪ੍ਰੈੱਸ ਬਿਆਨ ’ਚ ਕੇਂਦਰ ਸਰਕਾਰ ਪਾਸੋਂ ਲਖੀਮਪੁਰ ਖੀਰੀ ਕਿਸਾਨ ਮੋਰਚੇ ਦੀਆਂ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗਾਂ ਨਾ ਮੰਨਣ ’ਤੇ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਚੋਣ ਭਲਕੇ
ਸ਼ਾਹਕੋਟ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਰਾਈਵਾਲ ਵਿੱਚ ਹੋਈ। ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਮੀਟਿੰਗ ਨੂੰ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਦੱਸਿਆ ਕਿ ਜ਼ਿਲ੍ਹਾ ਕਮੇਟੀ ਦੀ ਚੋਣ ਕਰਨ ਲਈ 23 ਅਗਸਤ ਨੂੰ ਮੀਟਿੰਗ ਸੱਦੀ ਗਈ ਹੈ।