ਪੱਤਰ ਪ੍ਰੇਰਕ
ਕਾਹਨੂੰਵਾਨ, 31 ਅਗਸਤ
ਬੇਟ ਖੇਤਰ ਦੇ ਪਿੰਡ ਕੋਟ ਖਾਂ ਮੁਹੰਮਦ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਬਲਾਕ ਪੱਧਰੀ ਇਜਲਾਸ ਹੋਇਆ। ਇਸ ਸਬੰਧੀ ਕਮਿਊਨਿਸਟ ਆਗੂ ਡਾ. ਗੁਰਚਰਨ ਗਾਂਧੀ ਨੇ ਦੱਸਿਆ ਕਿ ਇਸ ਇਜਲਾਸ ਦੌਰਾਨ ਬਲਾਕ ਭਰ ਦੇ ਪਾਰਟੀ ਆਗੂ ਅਤੇ ਮੈਂਬਰਾਂ ਸਮੇਤ ਜ਼ਿਲ੍ਹੇ ਦੇ ਸਕੱਤਰ ਕਾਮਰੇਡ ਬਲਬੀਰ ਸਿੰਘ ਕੱਤੋਵਾਲ ਅਤੇ ਖੇਤ ਮਜ਼ਦੂਰ ਆਗੂ ਸੰਤੋਖ ਸਿੰਘ ਸੰਘੇੜਾ ਨੇ ਹਾਜ਼ਰੀ ਭਰੀ। ਇਜਲਾਸ ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਸਮਾਪਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਹੀ ਦੇਸ਼ ਹਰ ਪੱਖ ਤੋਂ ਗਿਰਾਵਟ ਵਿੱਚ ਜਾ ਰਿਹਾ ਹੈ। ਜੁਮਲਿਆਂ ਦੀ ਇਸ ਸਰਕਾਰ ਨੇ ਦੇਸ਼ ਦੀ ਆਰਥਿਕਤਾ, ਸੁਰੱਖਿਆ, ਬੈਂਕ, ਰੇਲਾਂ, ਬੀਮਾ ਯੋਜਨਾ, ਵਿੱਦਿਆ, ਸਿਹਤ ਸੇਵਾਵਾਂ ਸਮੇਤ ਸਭ ਕੁੱਝ ਵੇਚ ਦਿੱਤਾ ਹੈ। ਇਸ ਸਭ ਦੇ ਟਾਕਰੇ ਲਈ ਸਮੁੱਚੀਆਂ ਖੱਬੀਆਂ ਧਿਰਾਂ ਤੇ ਜਮਹੂਰੀ ਸ਼ਕਤੀਆਂ ਦੇ ਏਕੇ ਦੀ ਦੇਸ਼ ਨੂੰ ਸਖ਼ਤ ਜ਼ਰੂਰਤ ਹੈ। ਇਸ ਮੌਕੇ ਚੁਣੀ ਗਈ ਕਮੇਟੀ ਵਿੱਚ ਬਲਾਕ ਕਾਹਨੂੰਵਾਨ ਦੇ ਸਕੱਤਰ ਕਾਮਰੇਡ ਡਾ. ਗੁਰਚਰਨ ਗਾਂਧੀ, ਸਹਾਇਕ ਸਕੱਤਰ ਜਸਬੀਰ ਸਿੰਘ ਬਾਜਵਾ, ਤਲਵਿੰਦਰ ਸਿੰਘ ਸਹਾਇਕ ਸਕੱਤਰ ਅਤੇ 13 ਮੈਂਬਰੀ ਕਮੇਟੀ ਤੋਂ ਇਲਾਵਾ 10 ਡੈਲੀਗੇਟ ਜ਼ਿਲ੍ਹੇ ਦੇ ਇਜਲਾਸ ਲਈ ਚੁਣੇ ਗਏ।