ਐੱਨ.ਪੀ. ਧਵਨ
ਪਠਾਨਕੋਟ, 8 ਅਪਰੈਲ
ਗੱਡੀਆਂ ਦੇ ਟਾਇਰ, ਸੀਮਿੰਟ ਤੇ ਸਰੀਆ ਵੇਚਣ ਦਾ ਝਾਂਸਾ ਦੇ ਕੇ ਵਪਾਰੀਆਂ ਨੂੰ ਠੱਗਣ ਵਾਲੇ ਗਰੋਹ ਦੇ ਅੱਠ ਵਿੱਚੋਂ ਛੇ ਮੈਂਬਰਾਂ ਨੂੰ ਥਾਣਾ ਸ਼ਾਹਪੁਰਕੰਡੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਪੰਜਾਬ ਆਰਮਡ ਪੁਲੀਸ ਦਾ ਇੱਕ ਇੰਸਪੈਕਟਰ, ਇੱਕ ਵਾਟਰ ਕੈਰੀਅਰ ਅਤੇ ਨੌਕਰੀ ਤੋਂ ਬਰਖਾਸਤ ਦੋ ਪੁਲੀਸ ਮੁਲਾਜ਼ਮਾਂ ਸਣੇ ਕੁੱਲ ਅੱਠ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚੋਂ ਦੋ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਮੁਲਜ਼ਮ ਪੁਲੀਸ ਦੀ ਵਰਦੀ ਵਿੱਚ ਫ਼ਰਜ਼ੀ ਨਾਕੇ ਲਗਾ ਕੇ ਵਪਾਰੀਆਂ ਕੋਲੋਂ ਮੋਟੀ ਰਕਮਾਂ ਵਸੂਲਦੇ ਸਨ। ਕਾਬੂ ਕੀਤੇ ਜਾਣ ਸਮੇਂ ਵੀ ਇੱਕ ਮੁਲਜ਼ਮ ਨੇ ਪੁਲੀਸ ਇੰਸਪੈਕਟਰ ਦੀ ਵਰਦੀ ਅਤੇ ਇੱਕ ਨੇ ਸਿਪਾਹੀ ਦੀ ਵਰਦੀ ਪਹਿਨੀ ਹੋਈ ਸੀ।
ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਆਈ-20 ਕਾਰ ਲੈ ਕੇ ਫਰਾਰ ਹੋਏ ਬਾਕੀ ਦੋ ਮੁਲਜ਼ਮਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਪੁਲੀਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਵੱਲੋਂ ਅਕਸਰ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਪਹਿਲਾਂ ਉਹ ਇਨ੍ਹਾਂ ਲੋਕਾਂ ਨੂੰ ਸਸਤੇ ਭਾਅ ’ਤੇ ਟਾਇਰ ਵੇਚਣ ਦੇ ਨਾਂ ’ਤੇ ਆਪਣੇ ਜਾਲ ਵਿੱਚ ਫਸਾਉਂਦੇ ਸਨ। ਬਾਅਦ ਵਿੱਚ ਜਿਉਂ ਹੀ ਸਸਤੇ ਭਾਅ ਟਾਇਰ ਖਰੀਦਣ ਲਈ ਕੋਈ ਵਿਅਕਤੀ ਇਨ੍ਹਾਂ ਕੋਲ ਆਉਂਦਾ ਸੀ ਤਾਂ ਐਡਵਾਂਸ ਵਿੱਚ ਪੈਸੇ ਲੈਣ ਤੋਂ ਤੁਰੰਤ ਬਾਅਦ ਉਕਤ ਗਰੋਹ ਵੱਲੋਂ ਨਕਲੀ ਛਾਪਾ ਮਾਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਅਤੇ ਫਿਰ ਮੋਟੀ ਰਕਮ ਵਸੂਲ ਕਰਨ ਤੋਂ ਬਾਅਦ ਛੱਡ ਦਿੱਤਾ ਜਾਂਦਾ ਸੀ।
ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਮੁਲਜ਼ਮਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹਿਲਾਂ ਵੀ ਕੇਸ ਦਰਜ ਹਨ। ਥਾਣਾ ਸ਼ਾਹਪੁਰਕੰਡੀ ਦੇ ਮੁਖੀ ਇੰਸਪੈਕਟਰ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਕੋਲ ਵਿਕਰਮ ਸਿੰਘ ਵਾਸੀ ਸਲੋਚੱਕ (ਜੰਮੂ-ਕਸ਼ਮੀਰ) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਛੇ ਵਿਅਕਤੀਆਂ ਨੇ ਟਾਇਰ ਵੇਚਣ ਦੇ ਨਾਂ ’ਤੇ ਉਸ ਨਾਲ 2.10 ਲੱਖ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ’ਚ ਅਸ਼ਵਨੀ ਕੁਮਾਰ ਵਾਸੀ ਦਸੂਹਾ, ਤਰਸੇਮ ਸਿੰਘ ਵਾਸੀ ਟਾਂਡਾ, ਸੁਨੀਲ ਕੁਮਾਰ ਵਾਸੀ ਅਜਨਾਲਾ, ਇੰਸਪੈਕਟਰ ਮਨਜੀਤ ਸਿੰਘ ਵਾਸੀ ਪੀਏਪੀ ਜਲੰਧਰ, ਸਤਵੀਰ ਗਿੱਲ ਵਾਸੀ ਰਾਮਾ ਮੰਡੀ ਅਤੇ ਲਾਲ ਸਿੰਘ ਵਾਸੀ ਰਈਆ ਦੇ ਨਾਂ ਸ਼ਾਮਲ ਹਨ ਜਦ ਕਿ ਆਈ-20 ਕਾਰ ’ਚ ਫਰਾਰ ਹੋਣ ਵਾਲਿਆਂ ਵਿੱਚ ਡਾ. ਦਲਜੀਤ ਵਾਸੀ ਚੱਕ ਮੈਰਾ, ਦਸੂਹਾ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਜਲੰਧਰ ਕੈਂਟ ਸ਼ਾਮਲ ਹਨ।