ਨਿੱਜੀ ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 5 ਮਈ
ਪਿੰਡ ਰਹੀਮਾਬਾਦ ’ਚ ਸਥਿਤ ਇੱਕ ਗੁਦਾਮ ’ਚ ਚੋਰੀ ਦੀ ਕਣਕ ਦੀਆਂ 480 ਬੋਰੀਆਂ ਉਤਾਰੇ ਜਾਣ ਦਾ ਪਰਦਾਫਾਸ਼ ਥਾਣਾ ਕਲਾਨੌਰ ਪੁਲੀਸ ਅਤੇ ਖ਼ੁਸ਼ਹਾਲੀ ਦੇ ਰਾਖਿਆਂ (ਜੀਓਜੀ) ਵੱਲੋਂ ਕੀਤਾ ਗਿਆ ਹੈ। ਲਾਧੋਪੁਰ ਅਨਾਜ ਮੰਡੀ ਐੱਮ ਐੱਸ ਕਮਿਸ਼ਨ ਸ਼ਾਪ ਵਿੱਚੋਂ ਲੰਘੀ ਰਾਤ ਟਰੱਕ ਨੰਬਰ (06ਐਨ 2187) ਕਣਕ ਦੀਆਂ 480 ਬੋਰੀਆਂ ਲੈ ਕੇ ਫ਼ਰਾਰ ਹੋ ਗਿਆ ਸੀ। ਇਸ ਘਟਨਾ ਬਾਰੇ ਆੜ੍ਹਤੀ ਮਨਜਿੰਦਰ ਸਿੰਘ ਨੂੰ ਦੇਰ ਰਾਤ ਲੱਗਣ ’ਤੇ ਉਨ੍ਹਾਂ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੂੰ ਜਾਣਕਾਰੀ ਮਿਲੀ ਕਿ ਕਲਾਨੌਰ ਨੇੜੇ ਪਿੰਡ ਰਹੀਮਾਬਾਦ ’ਚ ਹਰਭਜਨ ਸਿੰਘ ਰਹੀਮਾਬਾਦ ਦੇ ਗੋਦਾਮ ਵਿੱਚ ਕਣਕ ਦਾ ਭਰਿਆ ਟਰੱਕ ਉਤਾਰਿਆ ਗਿਆ ਹੈ। ਪੁਖਤਾ ਜਾਣਕਾਰੀ ਮਿਲਣ ’ਤੇ ਥਾਣਾ ਕਲਾਨੌਰ ਅਤੇ ਧਾਰੀਵਾਲ ਦੀ ਪੁਲੀਸ ਅਤੇ ਤਹਿਸੀਲ ਡੇਰਾ ਬਾਬਾ ਨਾਨਕ ਦੇ ਮੰਡੀ ਸੁਪਰਵਾਈਜ਼ਰ ਸੂਬੇਦਾਰ ਹਰਪਾਲ ਸਿੰਘ, ਜੀਓਜੀ ਦੇ ਖੇਤਰੀ ਮੁਖੀ ਸੰਤੋਖ ਸਿੰਘ ਅਤੇ ਦਵਿੰਦਰ ਸਿੰਘ ਘਟਨਾ ਸਥਾਨ ’ਤੇ ਪਹੁੰਚੇ। ਟੀਮ ਵੱਲੋਂ ਗੋਦਾਮ ਦਾ ਦਰਵਾਜ਼ਾ ਖੁੱਲ੍ਹਵਾਏ ਜਾਣ ’ਤੇ ਅੰਦਰੋਂ ਖੁੱਲੇ ਰੂਪ ਵਿੱਚ ਉਹੋ ਕਣਕ ਮਿਲੀ, ਜੋ ਆੜ੍ਹਤੀ ਮਨਜਿੰਦਰ ਸਿੰਘ ਦੀ ਚੋਰੀ ਕਰਕੇ ਲਿਆਂਦੀ ਗਈ ਸੀ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।