ਦਲਬੀਰ ਸਿੰਘ ਸੱਖੋਵਾਲੀਆ
ਬਟਾਲਾ, 28 ਅਗਸਤ
ਸ੍ਰੀ ਆਨੰਦਪੁਰ ਸਾਹਿਬ ਵਿੱਚ 5 ਸਤੰਬਰ ਨੂੰ ਮਨਾਏ ਜਾ ਰਹੇ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਝਾਰਖੰਡ ਤੋਂ ਕਰੀਬ 400 ਸ਼ਰਧਾਲੂਆਂ ਦਾ ਜਥਾ ਪੰਜਾਬ ਆਵੇਗਾ। ਇਹ ਪਹਿਲੀ ਵਾਰ ਹੈ, ਜਦੋਂ ਟਾਟਾਨਗਰ (ਝਾਰਖੰਡ) ਤੋਂ 400 ਸ਼ਰਧਾਲੂ ਇਕੱਠਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 3 ਸਤੰਬਰ ਨੂੰ ਕੀਤੇ ਜਾਣ ਵਾਲੇ 23ਵੇਂ ਚੇਤਨਾ ਮਾਰਚ ਵਿੱਚ ਹਿੱਸਾ ਲੈਣ ਲਈ ਆ ਰਹੇ ਹਨ।
ਇਸ ਤੋਂ ਪਹਿਲਾਂ ਪਿਛਲੇ ਸਾਲ ਕਰੀਬ ਛੇ ਦਰਜਨ ਸ਼ਰਧਾਲੂ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਸਬੰਧੀ ਕਰਵਾਏ ਗਏ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ। ਰੰਘਰੇਟਾ ਮਹਾਂਸਭਾ ਝਾਰਖੰਡ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਹ ਸ਼ਰਧਾਲੂ ਵਿਸ਼ੇਸ਼ ਰੇਲ ਗੱਡੀ ਰਾਹੀਂ 31 ਨੂੰ ਟਾਟਾਨਗਰ ਤੋਂ ਰਵਾਨਾ ਹੋਣਗੇ, ਜੋ ਸ੍ਰੀ ਅਕਾਲ ਤਖ਼ਤ ਤੋਂ 3 ਸਤੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਤੱਕ ਕੱਢੇ ਜਾ ਰਹੇ ਚੇਤਨਾ ਮਾਰਚ ਵਿੱਚ ਹਿੱਸਾ ਲੈਣਗੇ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟਰੱਸਟ ਦੇ ਚੇਅਰਮੈਨ ਜਸਵੰਤ ਸਿੰਘ ਚੰਡੀਗੜ੍ਹ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਠਹਿਰਾਅ ਸਮੇਤ ਚੇਤਨਾ ਮਾਰਚ ਵਿੱਚ ਸ਼ਾਮਲ ਹੋਣ ਲਈ ਗੱਡੀਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਐਤਕੀਂ ਝਾਰਖੰਡ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਆਸਾਮ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ 3 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ ਚੇਤਨਾ ਮਾਰਚ ਸ਼ਾਮ ਵੇਲੇ ਸ੍ਰੀ ਫਤਹਿਗੜ੍ਹ ਸਾਹਿਬ ਪੁੱਜੇਗਾ, ਜਿੱਥੋਂ ਅਗਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ।