ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਸਤੰਬਰ
ਸਥਾਨਕ ਮਕਬੂਲਪੁਰਾ ਇਲਾਕੇ ਵਿਚੋਂ ਇਕ ਕੁੜੀ ਦੀ ਨਸ਼ੇ ਦੀ ਹਾਲਤ ਵਿੱਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਪੁਲੀਸ ਨੇ ਇਲਾਕੇ ਵਿਚ ਸਰਚ ਅਪਰੇਸ਼ਨ ਚਲਾਇਆ ਹੈ ਪਰ ਇੱਥੋਂ ਕੋਈ ਵਿਸ਼ੇਸ਼ ਪ੍ਰਾਪਤੀ ਨਹੀਂ ਹੋਈ ਹੈ।
ਇਸ ਸਰਚ ਅਪਰੇਸ਼ਨ ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ਹੇਠ ਚਲਾਇਆ ਗਿਆ। ਇਸ ਵਿੱਚ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ, ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਤੇ ਪਰਮਿੰਦਰ ਸਿੰਘ ਭੰਡਾਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। ਪੁਲੀਸ ਦੀ ਇਹ ਕਾਰਵਾਈ ਲਗਪਗ ਚਾਰ ਘੰਟੇ ਜਾਰੀ ਰੱਖੀ। ਇਸ ਵਿੱਚ ਲਗਪਗ 450 ਪੁਲੀਸ ਜਵਾਨਾਂ ਅਤੇ ਅਧਿਕਾਰੀਆਂ ਨੇ ਮਕਬੂਲਪੁਰਾ ਇਲਾਕੇ ਵਿਚ ਜਾਂਚ ਕੀਤੀ। ਇਸ ਇਲਾਕੇ ਵਿਚ ਆਉਣ ਜਾਣ ਵਾਲੇ ਵਾਹਨਾਂ ਵਾਸਤੇ ਪੰਦਰਾਂ ਨਾਕੇ ਲਾ ਕੇ ਜਾਂਚ ਕੀਤੀ ਗਈ। ਇਲਾਕੇ ਦੇ ਘਰਾਂ ਅਤੇ ਫਲੈਟਾਂ ਦੀ ਘੇਰਾਬੰਦੀ ਕਰ ਕੇ ਜਾਂਚ ਕੀਤੀ ਗਈ।
ਭਾਵੇਂ ਪੁਲੀਸ ਅੱਜ ਇਸ ਇਲਾਕੇ ਵਿਚੋਂ ਕੋਈ ਵਿਸ਼ੇਸ਼ ਪ੍ਰਾਪਤੀ ਨਹੀਂ ਕਰ ਸਕੀ ਹੈ ਪਰ ਏਡੀਜੀਪੀ ਨੇ ਆਖਿਆ ਕਿ ਅਜਿਹੀ ਕਾਰਵਾਈ ਨਾਲ ਲੋਕਾਂ ਵਿੱਚ ਪੁਲੀਸ ਪ੍ਰਤੀ ਵਿਸ਼ਵਾਸ਼ ਕਾਇਮ ਹੁੰਦਾ ਹੈ। ਇਸ ਨਾਲ ਅਪਰਾਧੀਆਂ ਵਿੱਚ ਖ਼ੌਫ਼ ਪੈਦਾ ਹੁੰਦਾ ਹੈ ਅਤੇ ਉਹ ਅਪਰਾਧ ਤੋਂ ਗੁਰੇਜ਼ ਕਰਦੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਮੰਨਿਆ ਕਿ ਪੰਜਾਬ ਦੀਆਂ ਸਰਹੱਦਾਂ ਤੇ ਪੁਲੀਸ ਅਤੇ ਬੀਐਸਐਫ ਦਾ ਦਬਾਅ ਵਧਣ ਤੋਂ ਬਾਅਦ ਨਸ਼ਿਆਂ ਅਤੇ ਹਥਿਆਰਾਂ ਦੇ ਤਸਕਰਾਂ ਵੱਲੋਂ ਸਮੁੰਦਰੀ ਬੰਦਰਗਾਹਾਂ ਦਾ ਰੁਖ਼ ਕੀਤਾ ਗਿਆ ਹੈ। ਇਸੇ ਤਹਿਤ ਹੀ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿੱਚੋਂ ਵੱਡੀ ਗਿਣਤੀ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
ਅੱਜ ਪੁਲੀਸ ਨੇ 125 ਵਾਹਨਾਂ ਦੇ ਚਲਾਨ ਕੀਤੇ ਅਤੇ 10 ਵਾਹਨ ਜ਼ਬਤ ਕੀਤੇ ਹਨ। ਦੋ ਜਣਿਆਂ ਖ਼ਿਲਾਫ਼ ਨਸ਼ਾ ਰੋਕੋ ਕਾਨੂੰਨ ਤਹਿਤ ਕਾਰਵਾਈ ਵੀ ਕੀਤੀ ਗਈ ਹੈ।
ਫਗਵਾੜਾ (ਜਸਬੀਰ ਸਿੰਘ ਚਾਨਾ): ਡੀਆਈਜੀ ਜਲੰਧਰ ਰੇਂਜ ਐਸ. ਭਪੂਤੀ ਦੀ ਅਗਵਾਈ ’ਚ ਚਹੇੜੂ ਦੇ ਲਾਅ ਗੇਟ ਇਲਾਕੇ ’ਚ ਕਰੀਬ ਤਿੰਨ ਘੰਟੇ ਦਾ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਵਿਚ ਐਸਐਸਪੀ ਨਵਨੀਤ ਸਿੰਘ ਬੈਂਸ, ਐਸਪੀ ਮੁਖਤਿਆਰ ਰਾਏ, ਡੀਐਸਪੀ ਜਸਪ੍ਰੀਤ ਸਿੰਘ, ਐਸਐਚਓ ਸਦਰ ਗੌਰਵ ਧੀਰ, ਐਸਐਚਓ ਸਤਨਾਮਪੁਰਾ ਜਤਿੰਦਰ ਕੁਮਾਰ ਤੇ ਰਾਵਲਪਿੰਡੀ ਐਸਐਚਓ ਸੁਰਜੀਤ ਸਿੰਘ ਪੱਤੜ ਸਣੇ ਵੱਡੀ ਗਿਣਤੀ ’ਚ ਨਫ਼ਰੀ ਸ਼ਾਮਿਲ ਸੀ। ਐਸ.ਪੀ. ਨੇ ਦੱਸਿਆ ਕਿ ਕਰੀਬ 18 ਪੀਜੀ ’ਚ ਪੁਲੀਸ ਨੇ ਸਰਚ ਅਪਰੇਸ਼ਨ ਕੀਤਾ ਪਰ ਸਭ ਠੀਕ ਹੀ ਪਾਇਆ ਗਿਆ। ਉਨ੍ਹਾਂ ਇਸ ਖੇਤਰ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਸ਼ੱਕੀ ਧੰਦਾ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਦਿੱਤੀ ਜਾਵੇ।
ਆਦਮਪੁਰ ਦੋਆਬਾ (ਜਲੰਧਰ) (ਹਤਿੰਦਰ ਮਹਿਤਾ): ਕਮਿਸ਼ਨਰੇਟ ਪੁਲੀਸ ਵੱਲੋਂ ਪੁਲੀਸ ਡਿਵੀਜ਼ਨ ਨੰਬਰ ਇੱਕ ਦੇ ਅਧੀਨ ਪੈਂਦੇ ਸ਼ਿਵ ਨਗਰ (ਨਾਗਰਾ) ਵਿੱਚ ਸ਼ੱਕੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਵਰਿੰਦਰ ਕੁਮਾਰ ਦੇ ਘਰ ਵਿੱਚੋਂ 125 ਡੱਬੇ ਪਟਾਕੇ ਮਿਲਣ ’ਤੇ ਕੇਸ ਦਰਜ ਕਰ ਲਿਆ ਹੈ। ਸ਼ਿਵ ਨਗਰ ਵਿਚ ਰਹਿੰਦੇ ਕਿਰਾਏਦਾਰਾਂ ਦਾ ਵੇਰਵਾ ਲਿਆ ਗਿਆ। ਸੱਤ ਸ਼ੱਕੀਆਂ ਨੂੰ ਪੜਤਾਲ ਲਈ ਹਿਰਾਸਤ ਵਿਚ ਲਿਆ ਗਿਆ।
ਬਟਾਲਾ (ਹਰਜੀਤ ਸਿੰਘ ਪਰਮਾਰ): ਇੱਥੇ ਵੱਖ-ਵੱਖ ਮੁਹੱਲਿਆਂ ਵਿੱਚ ਡੀਆਈਜੀ ਆਰਪੀ ਬਲਜੋਤ ਸਿੰਘ ਰਾਠੌਰ ਦੀ ਅਗਵਾਈ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਪੰਜਾਬ ਪੁਲੀਸ ਵੱਲੋਂ ਬਟਾਲਾ ਦੇ ਖਤੀਬ, ਧੌਲਪੁਰ ਅਤੇ ਹੋਰਨਾਂ ਮੁਹੱਲਿਆਂ ਵਿੱਚ ਅਚਾਨਕ ਕਾਰਵਾਈ ਕੀਤੀ ਗਈ। ਤਲਾਸ਼ੀ ਮੁਹਿੰਮ ਦੀ ਅਗਵਾਈ ਕਰ ਰਹੇ ਡੀਆਈਜੀ ਬਲਜੋਤ ਸਿੰਘ ਰਾਠੌਰ ਨੇ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਪੰਜਾਬ ਨੂੰ ਨਸ਼ਾ ਅਤੇ ਗੈਂਗਸਟਰਾਂ ਤੋਂ ਮੁਕਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿੱਥੇ ਟੀਚੇ ਪੂਰੇ ਕਰਨ ਲਈ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਦੀਆਂ ਹਦਾਇਤਾਂ ਤਹਿਤ ਸਾਰੇ ਪੰਜਾਬ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪੁਲੀਸ ਵੱਲੋਂ ਕਈ ਵੱਡੇ ਗੈਂਗਸਟਰ ਵੀ ਕਾਬੂ ਕੀਤੇ ਗਏ ਹਨ ਅਤੇ ਨਸ਼ਾ ਤਸਕਰਾਂ ਦੀ ਚੇਨ ਤੋੜਨ ਲਈ ਵੀ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ਤੋਂ ਇਲਾਵਾ ਉਹ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸਪੀ ਗੁਰਬਿੰਦਰ ਸਿੰਘ ਸੰਧੂ, ਡੀਐੱਸਪੀ ਜਸਵੀਰ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਹਾਜ਼ਰ ਸਨ।
ਪਠਾਨਕੋਟ ਪੁਲੀਸ ਵੱਲੋਂ ਜ਼ਿਲ੍ਹੇ ਦੇ ਦੋ ਹੌਟਸਪੌਟ ਖੇਤਰਾਂ ਵਿਚ ਤਲਾਸ਼ੀ ਮੁਹਿੰਮ
ਪਠਾਨਕੋਟ (ਐਨਪੀ ਧਵਨ): ਗੈਂਗਸਟਰਾਂ ਅਤੇ ਅਪਰਾਧਕ ਅਨਸਰਾਂ ਖ਼ਿਲਾਫ਼ ਸ਼ਿਕੰਜਾ ਕੱਸਦੇ ਹੋਏ ਪਠਾਨਕੋਟ ਪੁਲੀਸ ਨੇ ਅੱਜ ਜ਼ਿਲ੍ਹੇ ਦੇ ਦੋ ਹੌਟਸਪੌਟ ਖੇਤਰਾਂ ਵਿੱਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਤਹਿਤ 40 ਗ੍ਰਾਮ ਅਫੀਮ, 48 ਗ੍ਰਾਮ ਨਸ਼ੀਲਾ ਪਾਊਡਰ, 12 ਗ੍ਰਾਮ ਹੈਰੋਇਨ ਅਤੇ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਅਭਿਆਨ ਦੀ ਅਗਵਾਈ ਐਸਟੀਐਫ ਪੰਜਾਬ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਕਰ ਰਹੇ ਸਨ। ਜ਼ਿਲ੍ਹਾ ਪਠਾਨਕੋਟ ਦੇ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਹੌਟਸਪੌਟ ਖੇਤਰਾਂ ਜਿਥੇ ਨਸ਼ੇ ਅਤੇ ਅਪਰਾਧਕ ਗਤੀਵਿਧੀਆਂ ਦਾ ਬੋਲਬਾਲਾ ਸੀ, ਵਿੱਚ ਅੱਜ ਪੁਲੀਸ ਦੇ ਜਵਾਨਾਂ ਵੱਲੋਂ ਛੇ ਘੰਟੇ ਤੱਕ ਤਲਾਸ਼ੀ ਲਈ ਗਈ। ਇਸ ਮੁਹਿੰਮ ਨੂੰ ਅੰਜਾਮ ਦੇਣ ਵਾਲੀ ਵਿਸ਼ੇਸ਼ ਟੀਮ ਵਿੱਚ ਅੱਠ ਜੀਓ ਰੈਂਕ ਦੇ ਅਧਿਕਾਰੀ, 43 ਐਨਜੀਓਜ਼ ਅਤੇ ਪੁਲੀਸ ਦੇ 163 ਈਪੀਓਜ਼ ਦੇ ਨਾਲ ਕੁੱਲ 214 ਪੁਲੀਸ ਮੁਲਾਜ਼ਮ ਸ਼ਾਮਲ ਸਨ। ਅੱਜ ਦੀ ਕਾਰਵਾਈ ਦੌਰਾਨ ਐਨਡੀਪੀਐਸ ਐਕਟ ਤਹਿਤ ਛੇ ਐਫਆਈਆਰ ਦਰਜ ਕਰ ਕੇ ਛੇ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।