ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 24 ਦਸੰਬਰ
ਲੰਘੀ ਰਾਤ ਨੂੰ ਥਾਣਾ ਧਾਰੀਵਾਲ ਤੋਂ ਅੱਧਾ ਕਿਲੋਮੀਟਰ ਦੂਰ ਪੈਂਦੇ ਕਲਿਆਣਪੁਰ ਮੋੜ ਨੇੜੇ ਆਪਣੇ ਘਰੋਂ ਸੈਰ ਕਰਨ ਲਈ ਨਿਕਲੇ ਇਕ 32 ਸਾਲਾ ਨੌਜਵਾਨ ਦਾ ਕੁਝ ਅਣਪਛਾਤਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਜਗਦੀਪ ਸਿੰਘ ਉਰਫ ਜੱਗੀ (32) ਪੁੱਤਰ ਸੱਤਪਾਲ ਸਿੰਘ ਵਾਸੀ ਕਲਿਆਣਪੁਰ, ਹਾਲ ਵਾਸੀ ਰਣੀਆਂ (ਧਾਰੀਵਾਲ) ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਤਿੰਨ ਭੈਣਾਂ ਦਾ ਭਰਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਮਮਤਾ, ਦੋ ਛੋਟੇ ਬੇਟੇ ਕਰਮਨ ਸਿੰਘ (7) ਤੇ ਗੁਰਮਨ ਸਿੰਘ (4) ਛੱਡ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਦੀਪ ਸਿੰਘ (ਜੱਗੀ) ਰੋਜ਼ਾਨਾ ਦੀ ਤਰ੍ਹਾਂ ਰਾਤ ਦਾ ਖਾਣਾ ਖਾਣ ਮਗਰੋਂ ਲੰਘੀ ਰਾਤ ਧਾਰੀਵਾਲ ਦੇ ਗੁਰਦਾਸਪੁਰ ਰੋਡ ’ਤੇ ਪੈਂਦੇ ਕਲਿਆਣਪੁਰ ਮੋੜ ਕੋਲ ਸਥਿਤ ਆਪਣੇ ਘਰ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਉਤਰ ਕੇ ਸੈਰ ਕਰਨ ਗਿਆ। ਪਰ ਜਦੋਂ ਦੇਰ ਰਾਤ ਤੱਕ ਉਹ ਵਾਪਸ ਨਾ ਪਰਤਿਆ ਤਾਂ ਉਸ ਦੀ ਭਾਲ ਕਰਨ ਲਈ ਜਦੋਂ ਪਰਿਵਾਰਕ ਮੈਂਬਰ ਦੂਜੀ ਮੰਜ਼ਿਲ ਤੋਂ ਹੇਠਾਂ ਆਏ ਤਾਂ ਥੱਲੇ ਖੁੱਲ੍ਹੇ ਹਾਲ ਵਿੱਚ ਜਗਦੀਪ ਸਿੰਘ ਦੀ ਲਾਸ਼ ਖੂਨ ਨਾਲ ਲੱਥ-ਪੱਥ ਮਿਲੀ। ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਕੇ ਇਸ ਅੰਨ੍ਹੇ ਕਤਲ ਸਬੰਧੀ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।