ਪੱਤਰ ਪ੍ਰੇਰਕ
ਪਠਾਨਕੋਟ, 13 ਮਈ
ਫੂਡ ਸੇਫਟੀ ਵਿੰਗ ਦੀ ਟੀਮ ਵੱਲੋਂ ਬਿਨਾਂ ਲਾਈਸੈਂਸ ਅਤੇ ਰਜਿਸਟਰੇਸ਼ਨ ਨਾ ਕਰਵਾਉਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਟੀਮ ਨੇ ਇੱਕ ਠੇਕੇ ਉੱਪਰ ਵੇਚੀ ਜਾ ਰਹੀ ਮਿਆਦ ਪੁੱਗ ਚੁੱਕੀ ਬੀਅਰ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਅਤੇ ਉਨ੍ਹਾਂ ਦੇ ਸੈਂਪਲ ਭਰੇ ਜਦ ਕਿ ਹੋਰ ਠੇਕਿਆਂ ’ਤੇ ਸ਼ਰਾਬ ਦੀਆਂ ਬੋਤਲਾਂ ਦੀ ਜਾਂਚ ਕੀਤੀ ਗਈ।
ਸਥਾਨਕ ਡਲਹੌਜ਼ੀ ਰੋਡ ’ਤੇ ਸਥਿਤ ਸ਼ਰਾਬ ਦੇ ਠੇਕੇ ਖ਼ਿਲਾਫ਼ ਕਾਰਵਾਈ ਬਾਰੇ ਦੱਸਦਿਆਂ ਅਸਿਸਟੈਂਟ ਫੂਡ ਕਮਿਸ਼ਨਰ ਡਾ. ਸੰਜੇ ਕਟਿਆਲ ਨੇ ਦੱਸਿਆ ਕਿ ਇਸ ਠੇਕੇ ਖ਼ਿਲਾਫ਼ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਉਹ ਮਿਆਦ ਪੁੱਗ ਚੁੱਕੀ ਬੀਅਰ ਵੇਚ ਰਿਹਾ ਹੈ। ਇਸ ’ਤੇ ਉਨ੍ਹਾਂ ਜਦ ਇਸ ਠੇਕੇ ’ਤੇ ਛਾਪਾ ਮਾਰ ਕੇ ਬੀਅਰ ਦੀਆਂ ਬੋਤਲਾਂ ਦੀ ਜਾਂਚ ਕੀਤੀ ਤਾਂ ਮਿਆਦ ਪੁੱਗ ਚੁੱਕੀ ਬੀਅਰ ਦੀਆਂ 3 ਪੇਟੀਆਂ ਬਰਾਮਦ ਹੋਈਆਂ। ਇਸ ਬੀਅਰ ਦੀ ਮਿਆਦ ਪੂਰੀ ਹੋਈ ਨੂੰ 3 ਮਹੀਨੇ ਬੀਤ ਚੁੱਕੇ ਸਨ। ਡਾ. ਕਟਿਆਲ ਨੇ ਦੱਸਿਆ ਕਿ ਇਸ ਬੀਅਰ ਦੇ ਸੈਂਪਲ ਭਰੇ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਜਾ ਰਿਹਾ ਹੈ। ਰਿਪੋਰਟ ਆਉਣ ਬਾਅਦ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ।