ਪਾਲ ਸਿੰਘ ਨੌਲੀ
ਜਲੰਧਰ, 21 ਅਕਤੂਬਰ
ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ 29ਵਾਂ ਮੇਲਾ ਗ਼ਦਰੀ ਬਾਬਿਆਂ ਦਾ ਵਕਤ ਦੀ ਵੰਗਾਰ ਨੂੰ ਸੰਬੋਧਤ ਸਮੇਂ ਦੇ ਹਾਣੀ ਨਾਟਕਾਂ ਅਤੇ ਗੀਤਾਂ ਦੀ ਗੂੰਜ ਪਾਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਅੱਜ ਗ਼ਦਰੀ ਬਾਬਿਆਂ ਦੇ ਮੇਲੇ ’ਚ ਪੇਸ਼ ਕਲਾ ਵੰਨਗੀਆਂ ਨੂੰ ਅੰਤਿਮ ਛੋਹਾਂ ਦੇਣ ਉਪਰੰਤ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਬਣੇ ਪੰਡਾਲ ‘ਬਾਬਾ ਸੋਹਣ ਸਿੰਘ ਭਕਨਾ ਨਗਰ’ ਵਿੱਚ ਪਹਿਲੀ ਨਵੰਬਰ ਨੂੰ ਹੋਣ ਵਾਲੇ ਇਸ ਮੇਲੇ ’ਚ ਦੋ ਨਾਮਵਰ ਵਿਦਵਾਨ ਡਾ. ਸਵਰਾਜਬੀਰ ਅਤੇ ਡਾ. ਦਵਿੰਦਰ ਸ਼ਰਮਾ ਮੁੱਖ ਵਕਤਾ ਹੋਣਗੇ।
31 ਅਕਤੂਬਰ ਦਿਨੇ ਦੇਸ਼ ਭਗਤ ਯਾਦਗਾਰ ਹਾਲ ‘ਪੁਸਤਕ ਮੇਲੇ’ ਨਾਲ ਸਜ-ਧਜ ਜਾਏਗਾ। ਸ਼ਾਮ 6 ਵਜੇ ਪੀਪਲਜ਼ ਵਾਇਸ ਦਿਲਕਸ਼ ਫ਼ਿਲਮਾਂ ਦਿਖਾਏਗਾ। ਪਹਿਲੀ ਨਵੰਬਰ ਨੂੰ ਕਮੇਟੀ ਮੈਂਬਰ ਸੁਰਿੰਦਰ ਜਲਾਲਦੀਵਾਲ ਝੰਡਾ ਲਹਿਰਾਉਣਗੇ। ਉਨ੍ਹਾਂ ਦੀ ਤਕਰੀਰ ਉਪਰੰਤ ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ ‘ਗ਼ਦਰ ਲਹਿਰ ਅਤੇ ਸਮੇਂ ਦੀਆਂ ਬਾਤਾਂ’ ਪਾਏਗਾ। ਉਪਰੰਤ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਪ੍ਰਧਾਨਗੀ ਭਾਸ਼ਣ ਦੇਣਗੇ। ਦੁਪਹਿਰ ਸਮੇਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਖੂਹ ਦੇ ਡੱਡੂ’ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਚੰਡੀਗੜ੍ਹ (ਏਕੱਤਰ) ਵੱਲੋਂ ਖੇਡਿਆ ਜਾਏਗਾ।