ਪੱਤਰ ਪ੍ਰੇਰਕ
ਪਠਾਨਕੋਟ, 22 ਫਰਵਰੀ
ਪਠਾਨਕੋਟ ਵਾਇਆ ਧੀਰਾ ਮਾਰਗ ਤੋਂ ਹੁੰਦੇ ਹੋਏ ਨਾਜੋਚੱਕ-ਪੰਜੂਪੁਰ ਦਰਮਿਆਨ ਪੈਂਦੇ ਤਿੱਖੇ ਮੋੜ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ। ਇਨ੍ਹਾਂ ਮੋੜਾਂ ਉਪਰ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ ਤੇ ਹੁਣ ਤੱਕ ਕਈ ਪਰਿਵਾਰਾਂ ਦੇ ਚਿਰਾਗ ਬੁਝ ਚੁੱਕੇ ਹਨ। ਇਸ ਕਰਕੇ ਲੋਕਾਂ ਨੇ ਸੜਕ ਦਾ ਸਹੀ ਢੰਗ ਨਾਲ ਨਿਰਮਾਣ ਕਰਨ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਾਜੋਚੱਕ ਤੋਂ ਪੰਜੂਪੁਰ ਦੇ ਆਰਮੀ ਗੇਟ ਤੱਕ ਦੇ 6 ਕਿਲੋਮੀਟਰ ਮਾਰਗ ਵਿਚਕਾਰ 25 ਮੋੜ ਪੈਂਦੇ ਹਨ ਜਦ ਕਿ ਇਕੱਲੇ ਨਾਜੋਚੱਕ ਦੇ ਆਸ-ਪਾਸ ਹੀ 10 ਦੇ ਕਰੀਬ ਤਿੱਖੇ ਮੋੜ ਹਨ। ਲੋਕਾਂ ਨੇ ਕਈ ਵਾਰ ਮਾਰਗ ਨੂੰ ਆਰਮੀ ਏਰੀਆ ਤੋਂ ਬਾਹਰ ਤਿੱਖੇ ਮੋੜਾਂ ਨੂੰ ਕੱਢ ਕੇ ਮਾਰਗ ਨੂੰ ਸਿੱਧਾ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਮੰਗ ਉਪਰ ਗੌਰ ਨਹੀਂ ਕੀਤਾ। ਸਾਬਕਾ ਬਲਾਕ ਪ੍ਰਧਾਨ ਅਵਤਾਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ. ਬਚਨ ਲਾਲ, ਸੀਨੀਅਰ ਸਿਟੀਜਨ ਮਹਿੰਦਰ ਪਠਾਨੀਆ, ਸਰਪੰਚ ਵਿਪਨ ਸਿੰਘ, ਰਾਕੇਸ਼ ਸਿੰਘ, ਜਗਦੀਸ਼ ਸੈਣੀ, ਰਿੱਕੀ ਠਾਕੁਰ, ਰਵਿੰਦਰ ਸਿੰਘ ਕਾਟਲ, ਸੁਰਜੀਤ ਸਿੰਘ, ਸੋਨੂੰ ਸਰਪੰਚ ਆਦਿ ਨੇ ਦੱਸਿਆ ਕਿ ਲੋਕ ਮਜ਼ਬੂਰੀ ਵਿੱਚ ਨਾਜੋਚੱਕ, ਲਾਹੜੀ, ਬਿਆਸ ਲਾਹੜੀ, ਮਿਰਜਾਪੁਰ, ਪੰਜੂਪੁਰ ਦੇ ਪਿੰਡਾਂ ਵਿੱਚੋਂ ਲੰਘ ਰਹੇ ਹਨ। ਜਦ ਕਿ ਕਈ ਥਾਵਾਂ ’ਤੇ ਇਹ ਮਾਰਗ ਕਾਫੀ ਤੰਗ ਹੈ।