ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 20 ਜੂਨ
ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਸਰਕਾਰੀ ਕਣਕ ਚੋਰੀ ਵੇਚਣ ਦੇ ਦੋਸ਼ ਹੇਠ ਇੱਕ ਡਿੱਪੂ ਹੋਲਡਰ ਅਤੇ ਇਸ ਕਣਕ ਨੂੰ ਖ਼ਰੀਦਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ।
ਥਾਣਾ ਮੁਖੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਲਖਵਿੰਦਰ ਸਿੰਘ ਵੱਲੋਂ ਪੁਲੀਸ ਪਾਰਟੀ ਨਾਲ ਅੱਡਾ ਦਿਲਾਵਰਪੁਰ ’ਤੇ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਦਿਲਾਵਾਰਪੁਰ ਵਾਲੀ ਸਾਈਡ ਤੋਂ ਆ ਰਹੀ ਇੱਕ ਬੋਲੈਰੋ ਕੈਂਪੈਰ ਗੱਡੀ ਪੁਲੀਸ ਪਾਰਟੀ ਨੂੰ ਦੇਖ ਕੇ ਚੋਹਲਾ ਸਾਹਿਬ ਵੱਲ ਮੁੜਨ ਲੱਗੀ। ਇਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈਕਿੰਗ ਕੀਤੀ ਗਈ ਜਿਸ ਦੌਰਾਨ ਗੱਡੀ ਵਿੱਚ ਲੱਦੇ ਹੋਏ ਤੋੜਿਆਂ ਸਬੰਧੀ ਡਰਾਈਵਰ ਕੋਲੋਂ ਬਿੱਲ ਮੰਗਿਆ ਗਿਆ ਪਰ ਉਹ ਕੋਈ ਬਿੱਲ ਪੇਸ਼ ਨਾ ਕਰ ਸਕਿਆ। ਪੁੱਛਗਿੱਛ ਦੌਰਾਨ ਡਰਾਈਵਰ ਮੇਜਰ ਸਿੰਘ ਵਾਸੀ ਚੋਹਲਾ ਸਾਹਿਬ ਨੇ ਦੱਸਿਆ ਕਿ ਉਸ ਨੇ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਦਿਲਵਾਰਪੁਰ ਦੇ ਡਿੱਪੂ ਹੋਲਡਰ ਸਰਬਜੀਤ ਸਿੰਘ ਤੋਂ ਖਰੀਦੀ ਹੈ। ਪੁਲੀਸ ਨੇ 40 ਤੌੜੇ (20 ਕੁਇੰਟਲ) ਸਰਕਾਰੀ ਕਣਕ ਬਰਾਮਦ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਇਹ ਕਣਕ ਲੋੜਵੰਦਾਂ ਨੂੰ ਵੰਡਣ ਲਈ ਡਿੱਪੂ ਹੋਲਡਰ ਕੋਲ ਆਈ ਸੀ। ਫਿਲਹਾਲ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।