ਐੱਨਪੀ ਧਵਨ
ਪਠਾਨਕੋਟ, 29 ਸਤੰਬਰ
ਇੱਥੇ ਫੌਜ ਵੱਲੋਂ ਕੀਤੀ ਜਾ ਰਹੀ ਭਰਤੀ ਰੈਲੀ ਦੌਰਾਨ ਯੂਪੀ ਤੋਂ ਭਰਤੀ ਵਿੱਚ ਸ਼ਾਮਲ ਹੋਣ ਆਏ 2 ਨੌਜਵਾਨਾਂ ਦੀ ਦੌੜ ਲਗਾਉਣ ਦੌਰਾਨ ਹਾਲਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਏ। ਨੌਜਵਾਨਾਂ ਦੇ ਡਿੱਗਦੇ ਹੀ ਫੌਜ ਅਧਿਕਾਰੀਆਂ ਨੇ ਉਨ੍ਹਾਂ ਦਾ ਪਹਿਲਾਂ ਮੁੱਢਲੀ ਸਹਾਇਤਾ ਦਿੱਤੀ ਮਗਰੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ। ਜਿਥੇ ਇੱਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦ ਕਿ ਦੂਸਰਾ ਨੌਜਵਾਨ ਖਤਰੇ ਤੋਂ ਬਾਹਰ ਹੈ। ਬੇਹੋਸ਼ ਹੋਏ ਨੌਜਵਾਨਾਂ ਦੀ ਪਛਾਣ ਸੂਰਿਆ ਕਾਂਤ ਸਾਹੂ (19) ਪੁੱਤਰ ਰਾਮ ਸਿੰਘ ਸਾਹੂ ਅਤੇ ਵਿਪਨ ਯਾਦਵ ਪੁੱਤਰ ਦੇਸ ਰਾਜ ਯਾਦਵ (19) ਦੋਨੋਂ ਫਰੀਦਪੁਰ ਜ਼ਿਲ੍ਹਾ ਬਰੇਲੀ (ਯੂਪੀ) ਦੇ ਵਾਸੀ ਹਨ। ਡਾਕਟਰਾਂ ਨੇ ਬੇਹੋਸ਼ ਹੋਣ ਦਾ ਕਾਰਨ ਮੌਸਮ ਨੂੰ ਦੱਸਿਆ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚ ਬਾਰਸ਼ ਨਾ ਹੋਣ ਕਰਕੇ ਗਰਮੀ ਕਾਫੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ 20 ਅਗਸਤ ਨੂੰ ਨਜ਼ਦੀਕ ਪੈਂਦੇ ਘਰੋਟਾ ਕੋਲ 10 ਕਿਲੋਮੀਟਰ ਮੈਰਾਥਨ ਦੌੜ ਦੌਰਾਨ ਹੁੰਮਸ ਵਾਲੇ ਮੌਸਮ ਕਾਰਨ ਇੱਕ ਫੌਜੀ ਦੀ ਮੌਤ ਹੋ ਗਈ ਸੀ ਅਤੇ 6 ਫੌਜੀ ਬੇਹੋਸ਼ ਹੋ ਗਏ ਸਨ।