ਪੱਤਰ ਪ੍ਰੇਰਕ
ਤਰਨ ਤਾਰਨ, 8 ਮਾਰਚ
ਇੱਥੇ ਤਿੰਨ ਹਥਿਆਰਬੰਦ ਲੁਟੇਰੇ ਕੌਮੀ ਸ਼ਾਹ ਮਾਰਗ ਨੰਬਰ-54 ’ਤੇ ਸਥਿਤ ਸੰਦੀਪ ਇੰਡੇਨ ਗੈਸ ਏਜੰਸੀ ਦੇ ਮਾਲਕ ਕੋਲੋਂ ਬੀਤੇ ਕੱਲ੍ਹ ਸ਼ਾਮ ਪਿਸਤੌਲ ਦਿਖਾ ਕੇ 2.67 ਲੱਖ ਰੁਪਏ ਲੁੱਟ ਕੇ ਲੈ ਗਏ।
ਗੈਸ ਏਜੰਸੀ ਦੇ ਮਾਲਕ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੈਸ ਏਜੰਸੀ ਵਿੱਚ ਬੈਠਾ ਸੀ। ਇਸੇ ਦੌਰਾਨ ਤਿੰਨ ਲੁਟੇਰੇ ਏਜੰਸੀ ਦੇ ਅੰਦਰ ਆ ਵੜੇ। ਇਕ ਲੁਟੇਰੇ ਨੇ ਆਪਣਾ ਪਿਸਤੌਲ ਉਸ ਦੀ ਪੁੜਪੁੜੀ ’ਤੇ ਰੱਖ ਦਿੱਤਾ ਅਤੇ ਕੈਸ਼ ਕਾਊਂਟਰ ਵਿੱਚੋਂ 2.57 ਲੱਖ ਰੁਪਏ ਕੱਢ ਲਏ। ਇਸ ਤੋਂ ਬਾਅਦ ਉਸ ਦੀ ਜੇਬ ਵਿੱਚੋਂ ਵੀ 10 ਹਜ਼ਾਰ ਰੁਪਏ ਕੱਢ ਲਏ।
ਸੰਦੀਪ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ 22 ਫਰਵਰੀ ਨੂੰ ਉਸ ਦੇ ਲੜਕੇ ’ਤੇ ਵੀ ਸ਼ਹਿਰ ਦੀ ਅੰਮ੍ਰਿਤਸਰ ਸੜਕ ’ਤੇ ਹਮਲਾ ਕਰਕੇ 20 ਹਜ਼ਾਰ ਰੁਪਏ ਲੁੱਟ ਲਏ ਸਨ। ਉਨ੍ਹਾਂ ਕਿਹਾ ਕਿ ਲੜਕੇ ’ਤੇ ਹਮਲਾ ਕਰਨ ਵਾਲੇ ਲੁਟੇਰਿਆਂ ਦੇ ਮੋਟਰਸਾਈਕਲ ਬਾਰੇ ਉਸ ਵੱਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਹੈ ਪਰ ਪੁਲੀਸ ਨੇ ਮੁਲਜ਼ਮਾਂ ਕੋਲੋਂ ਪੁੱਛ ਗਿੱਛ ਕਰਨ ਲਈ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ। ਗੈਸ ਏਜੰਸੀ ਦੀ ਕੀਤੀ ਲੁੱਟ ਸਬੰਧੀ ਸਥਾਨਕ ਥਾਣਾ ਸਦਰ ਦੇ ਪੁਲੀਸ ਅਧਿਕਾਰੀ ਏ ਐਸ ਆਈ ਬਲਬੀਰ ਸਿੰਘ ਨੇ ਧਾਰਾ 379-ਬੀ ਅਧੀਨ ਕੇਸ ਦਰਜ ਕੀਤਾ ਹੈ। ਵਾਰਦਾਤ ਮੌਕੇ ਇਲਾਕੇ ਅੰਦਰ ਬਿਜਲੀ ਬੰਦ ਸੀ ਜਿਸ ਕਰਕੇ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਸਕੇ।
ਪਿਸਤੌਲ ਦਿਖਾ ਕੇ ਸਕੂਟਰੀ ਖੋਹੀ
ਪਠਾਨਕੋਟ (ਪੱਤਰ ਪ੍ਰੇਰਕ): ਸਕੂਟਰੀ ਖੋਹ ਕੇ ਲੈ ਜਾਣ ਦੇ ਦੋਸ਼ ਹੇਠ ਡਿਵੀਜ਼ਨ ਨੰਬਰ 2, ਦੀ ਪੁਲੀਸ ਨੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 379-ਬੀ, (2) 34 ਅਤੇ 25-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਹ ਮਾਮਲਾ ਤਰਸੇਮ ਲਾਲ ਵਾਸੀ ਮੁਹੱਲਾ ਰਾਮ ਨਗਰ ਡਲਹੌਜ਼ੀ ਰੋਡ, ਪਠਾਨਕੋਟ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੇ ਨਾਕਿਆਂ ਉੱਪਰ ਸਕੂਟਰੀ ਖੋਹਣ ਬਾਰੇ ਸੂਚਨਾ ਦੇ ਦਿੱਤੀ ਗਈ ਹੈ।