ਸਤਵਿੰਦਰ ਬਸਰਾ
ਲੁਧਿਆਣਾ, 13 ਅਕਤੂਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਗਿਆਰਵਾਂ ਯੁਵਕ ਮੇਲਾ ਗਿਆਨ ਦੀ ਰੱਸਾਕਸ਼ੀ ਅਤੇ ਕੋਮਲ ਕਲਾਵਾਂ ਦੇ ਮੁਕਾਬਲਿਆਂ ਨਾਲ ਸ਼ੁਰੂ ਹੋੋਇਆ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਨੇ ਸਟੇਜੀ ਮੰਚ ਤੋਂ ਬਗੈਰ ਹੋਣ ਵਾਲੇ ਮੁਕਾਬਲਿਆਂ ਦਾ ਉਦਘਾਟਨ ਕੀਤਾ।
ਰਜਿਸਟਰਾਰ ਡਾ. ਹਰਮਨਜੀਤ ਸਿੰਘ ਬਾਂਗਾ ਨੇ ਕੋਮਲ ਕਲਾਵਾਂ ਦੇ ਮੁਕਾਬਲਿਆਂ ਦੇ ਸੈਸ਼ਨ ਦੇ ਪਤਵੰਤੇ ਮਹਿਮਾਨ ਵਜੋਂ ਅਤੇ ਡਾ. ਯਸ਼ਪਾਲ ਸਿੰਘ ਮਲਿਕ ਨੇ ਪ੍ਰਸ਼ਨ-ਉੱਤਰ ਭਾਵ ਪ੍ਰਸ਼ਨੋਤਰੀ ਮੁਕਾਬਲੇ ਦੇ ਸੈਸ਼ਨ ਦੇ ਪਤਵੰਤੇ ਮਹਿਮਾਨ ਵਜੋਂ ਸਮਾਗਮ ਦੀ ਸ਼ੋਭਾ ਵਧਾਈ। ਡਾ. ਰਾਮਪਾਲ ਨੇ ਉਦਘਾਟਨੀ ਸ਼ਬਦਾਂ ਵਿਚ ਕਿਹਾ ਕਿ ਯੁਵਕ ਮੇਲਾ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ਲਈ ਬੜਾ ਨਿੱਗਰ ਮੰਚ ਪ੍ਰਦਾਨ ਕਰਦਾ ਹੈ। ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਚਾਰ ਮੁਕਾਬਲੇ ਰੱਖੇ ਗਏ ਸਨ, ਜਿਨ੍ਹਾਂ ਵਿੱਚ ਫੋਟੋਗ੍ਰਾਫੀ, ਪ੍ਰਸ਼ਨੋਤਰੀ, ਪੋਸਟਰ ਬਣਾਉਣ ਅਤੇ ਕਾਰਟੂਨ ਤਿਆਰ ਕਰਨ ਦੇ ਮੁਕਾਬਲੇ ਸਨ। ਫੋਟੋਗ੍ਰਾਫੀ ਮੁਕਾਬਲੇ ਵਿੱਚ 12 ਵਿਦਿਆਰਥੀਆਂ ਨੇ ਹਿੱਸਾ ਲਿਆ। ਫੋਟੋਗਰਾਫੀ ਲਈ ਵਿਸ਼ਾ ‘ਰੋਸ਼ਨੀ ਅਤੇ ਛਾਂ ਦਾ ਹਰਿਆਵਾਲ ਸੁਮੇਲ’ ਸੀ। ਪ੍ਰਸ਼ਨੋਤਰੀ ਮੁਕਾਬਲੇ ਲਈ 18 ਵਿਦਿਆਰਥੀਆਂ ਨੇ ਹਿੱਸਾ ਲਿਆ।
ਕਾਰਟੂਨ ਬਣਾਉਣ ਲਈ ਵਿਸ਼ਾ ‘ਕਰਵਾ ਚੌਥ ਅਤੇ ਕਾਲਜ ਕੈਂਪਸ ਤੇ ਕੰਟੀਨ’ ਰੱਖਿਆ ਗਿਆ ਸੀ। ਪੋਸਟਰ ਬਣਾਉਣ ਲਈ ‘ਜੀਵਨ ਬਚਾਓ’ ਵਿਸ਼ਾ ਰੱਖਿਆ ਗਿਆ ਸੀ।
ਸਾਰੇ ਮੁਕਾਬਲਿਆਂ ਵਿੱਚ ਵੈਟਨਰੀ ਸਾਇੰਸ ਕਾਲਜ, ਫ਼ਿਸ਼ਰੀਜ਼ ਕਾਲਜ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਵੈਟਨਰੀ ਕਾਲਜ ਰਾਮਪੁਰਾ ਫੂਲ (ਬਠਿੰਡਾ), ਵੈਟਨਰੀ ਪੌਲੀਟੈਕਨਿਕ ਕਾਲਝਰਾਣੀ ਦੇ ਨਾਲ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਨੇ ਹਿੱਸਾ ਲਿਆ। ਭਲਾਈ ਅਫ਼ਸਰ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਕੱਲ ਦੇ ਮੁਕਾਬਲਿਆਂ ਵਿਚ ਕੋਲਾਜ ਬਨਾਉਣਾ, ਕਲੇਅ ਮਾਡਲਿੰਗ ਆਦਿ ਵੈਟਨਰੀ ਸਾਇੰਸ ਕਾਲਜ ਦੇ ਪ੍ਰੀਖਿਆ ਹਾਲ ਅਤੇ ਭਾਸ਼ਣ ਤੇ ਕਾਵਿ-ਉਚਾਰਣ ਦੇ ਮੁਕਾਬਲੇ ਦੁਪਹਿਰ ਦੋ ਵਜੇ ਸਿਲਵਰ ਜੁਬਲੀ ਆਡੀਟੋਰੀਅਮ ਵਿੱਚ ਕਰਵਾਏ ਜਾਣਗੇ।
ਅੱਜ ਫੋਟੋਗ੍ਰਾਫੀ ਦੇ ਹੋਏ ਮੁਕਾਬਲੇ ਵਿੱਚ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਪਰਮਨੂਰ ਸਿੰਘ ਨੇ ਪਹਿਲਾ, ਪ੍ਰਿਯੰਕਾ ਨੇ ਦੂਜਾ, ਜਦਕਿ ਪੁਲਕਿਤ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰਸ਼ਨੋਤਰੀ ਮੁਕਾਬਲਾ ਕਾਲਜ ਆਫ ਵਿਸ਼ਰੀਜ਼ ਨੇ ਜਿੱਤਿਆ ਜਦਕਿ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਅਤੇ ਵੈਟਰਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਨੂੰ ਕਰਮਵਾਰ ਦੂਜਾ ਅਤੇ ਤੀਜਾ ਸਥਾਨ ਮਿਲਿਆ।