ਪੱਤਰ ਪੇ੍ਰਕ
ਮਾਛੀਵਾੜਾ, 27 ਨਵੰਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਵਿੱਚ ਕਰਵਾਏ ਜਾ ਰਹੇ ਯੂਥ ਐਂਡ ਹੈਰੀਟੇਜ਼ ਫੈਸਟੀਵਲ ਜ਼ੋਨ-ਬੀ (ਚੰਡੀਗੜ੍ਹ) ਦੇ ਆਖ਼ਰੀ ਦਿਨ ਦਰਸ਼ਕਾਂ ਨੇ ਲੋਕ ਨਾਚਾਂ ਦਾ ਖੂਬ ਆਨੰਦ ਮਾਣਿਆ। ਮੁੱਖ ਮਹਿਮਾਨ ਵਜੋਂ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਗਾਇਕ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਅਤੇ ਪ੍ਰਸਿੱਧ ਅਦਾਕਾਰਾ ਰੁਪਿੰਦਰ ਰੂਪੀ ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਯੁਵਕ ਮੇਲੇ ਦੇ ਪੰਜਵੇਂ ਦਿਨ ਕਲਾਸੀਕਲ ਡਾਂਸ, ਗਰੁੱਪ ਡਾਂਸ, ਸੰਮੀ/ਲੁੱਡੀ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਗਏ। ਕਲਾਸੀਕਲ ਡਾਂਸ ਮੁਕਾਬਲੇ ਵਿਚ ਪੀਜੀਜੀਸੀਜੀ ਕਾਲਜ ਸੈਕਟਰ-42 ਚੰਡੀਗੜ੍ਹ ਦੀ ਟੀਮ ਨੇ ਪਹਿਲਾ ਪੀਜੀਜੀਸੀਜੀ ਕਾਲਜ ਸੈਕਟਰ-11 ਦੀ ਟੀਮ ਨੇ ਦੂਜਾ ਅਤੇ ਦੇਵ ਸਮਾਜ ਕਾਲਜ ਫਾਰ ਵਿਮੈਨ ਸੈਕਟਰ-45 ਨੇ ਤੀਜਾ ਸਥਾਨ ਹਾਸਲ ਕੀਤਾ। ਗਰੁੱਪ ਡਾਂਸ ਪੀਜੀਜੀਸੀਜੀ ਕਾਲਜ ਦੀ ਟੀਮ ਨੇ ਪਹਿਲਾ,ਪੀਜੀਜੀਸੀਜੀ ਕਾਲਜ ਨੇ ਦੂਜਾ ਅਤੇ ਐਮਸੀਐਮਡੀਏਵੀ ਕਾਲਜ ਸੈਕਟਰ-36 ਨੇ ਤੀਜਾ ਸਥਾਨ ਹਾਸਲ ਕੀਤਾ। ਲੁੱਡੀ ਮੁਕਾਬਲਿਆਂ ਵਿਚ ਦੇਵ ਸਮਾਜ ਕਾਲਜ ਫਾਰ ਵਿਮੈਨ, ਸੈਕਟਰ-45 ਦੀ ਟੀਮ ਨੇ ਪਹਿਲਾ, ਪੀਜੀਜੀਸੀਜੀ ਕਾਲਜ ਦੀ ਟੀਮ ਨੇ ਦੂਜਾ ਅਤੇ ਪੀਜੀਜੀਸੀਜੀ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਗਿੱਧਾ ਮੁਕਾਬਲੇ ਵਿਚ ਪੀਜੀਜੀਸੀਜੀ ਕਾਲਜ ਦੀ ਟੀਮ ਨੇ ਪਹਿਲਾ, ਪੀਜੀਜੀਸੀਜੀ ਕਾਲਜ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਕਾਲਜ ਪ੍ਰਿੰਸੀਪਲ ਨੇ ਡਾ. ਰਾਜ ਕੁਮਾਰ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਨਿਰਮਲ ਜੌੜਾ ਡਾਇਰੈਕਟਰ ਯੂਥ ਵੈੱਲਫੇਅਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗ੍ਰਾਮ ਪੰਚਾਇਤ ਝਾੜ ਸਾਹਿਬ, ਭਾਗੀਦਾਰ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਆਖੀਰ ’ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਤਰ੍ਹਾਂ ਯੁਵਕ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ।