ਸੰਤੋਖ ਗਿੱਲ/ਮਹੇਸ਼ ਸ਼ਰਮਾ
ਗੁਰੂਸਰ ਸੁਧਾਰ/ ਮੰਡੀ ਅਹਿਮਦੜ੍ਹ 29 ਨਵੰਬਰ
ਨਾਰੰਗਵਾਲ ਦੇ ਗੋਵਿੰਦ ਨੈਸ਼ਨਲ ਕਾਲਜ ਦੇ ਵਿਹੜੇ ਵਿਚ ਯੁਵਕ ਅਤੇ ਵਿਰਾਸਤੀ ਮੇਲੇ ਦੇ ਦੂਜੇ ਦਿਨ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਪਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪੰਜਾਬ ਯੂਨੀਵਰਸਿਟੀ ਦੇ ਫੈਲੋ ਡਾਕਟਰ ਇੰਦਰਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਯੁਵਕ ਅਤੇ ਵਿਰਾਸਤੀ ਮੇਲੇ ਵਿਦਿਆਰਥੀਆਂ ਵਿਚ ਮਿਹਨਤ ਦਾ ਜੋਸ਼ ਅਤੇ ਜਜ਼ਬਾ ਕਾਇਮ ਕਰਦੇ ਹਨ। ਕਾਲਜ ਪ੍ਰਿੰਸੀਪਲ ਡਾ. ਅਵਿਨਾਸ਼ ਕੌਰ ਨੇ ਪ੍ਰਤੀਯੋਗੀਆਂ ਨੂੰ ਅਨੁਸ਼ਾਸਨ ਅਤੇ ਸਹਿਣਸ਼ੀਲਤਾ ਦਾ ਪਾਠ ਯਾਦ ਕਰਵਾਇਆ। ਯੁਵਕ ਮੇਲੇ ਦੇ ਸ਼ਾਮ ਦੇ ਸੈਸ਼ਨ ਵਿਚ ਕਰਨਬੀਰ ਸਿੰਘ ਸੇਖੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਪ੍ਰਬੰਧਕੀ ਸਕੱਤਰ ਡਾ. ਸੁਰਿੰਦਰ ਮੋਹਨ ਦੀਪ ਅਤੇ ਕੰਟੀਨਜੈਂਟ ਇੰਚਾਰਜ ਪ੍ਰੋਫੈਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੀਤਾਂ ਦੇ ਮੁਕਾਬਲੇ ਵਿਚ ਰਾਜਵਿੰਦਰ ਸਿੰਘ ਪੀਯੂਸੀਸੀ ਕਾਲਜ ਨਿਹਾਲ ਸਿੰਘਵਾਲਾ ਨੇ ਪਹਿਲਾ, ਮਨਮੀਤ ਸਿੰਘ ਆਰਐੱਸਡੀ ਕਾਲਜ ਫ਼ਿਰੋਜ਼ਪੁਰ ਨੇ ਦੂਜਾ, ਜੀਟੀਬੀ ਨੈਸ਼ਨਲ ਕਾਲਜ ਦਾਖਾ ਦੇ ਹਰਸੇਵਕ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੋਕ ਗੀਤ ਵੰਨਗੀ ਵਿਚ ਜੀਐੱਚਜੀ ਖ਼ਾਲਸਾ ਕਾਲਜ ਸੁਧਾਰ ਦੀ ਤਰਨਜੀਤ ਕੌਰ ਨੇ ਪਹਿਲਾ, ਬੀਕੇਐੱਸ ਕਾਲਜ ਮੁਹਾਰ ਦੇ ਸੁਖਵਿੰਦਰ ਸਿੰਘ ਨੇ ਦੂਜਾ ਅਤੇ ਡੀਐੱਮ ਕਾਲਜ ਮੋਗਾ ਦੇ ਸੰਦੀਪ ਸਿੰਘ ਅਤੇ ਪੀਯੂਸੀਸੀ ਕਾਲਜ ਨਿਹਾਲ ਸਿੰਘਵਾਲਾ ਦੇ ਜਗਤਾਰ ਸਿੰਘ ਨੇ ਸਾਂਝੇ ਰੂਪ ਵਿਚ ਤੀਜਾ ਸਥਾਨ ਹਾਸਲ ਕੀਤਾ। ਗ਼ਜ਼ਲ ਗਾਇਨ ਵਿਚ ਮੇਜ਼ਬਾਨ ਜੀਐਨ ਕਾਲਜ ਨਾਰੰਗਵਾਲ ਦੇ ਤਨਵੀਰ ਸਿੰਘ ਨੇ ਪਹਿਲਾ, ਜੀਐੱਚਜੀ ਖ਼ਾਲਸਾ ਕਾਲਜ ਸੁਧਾਰ ਦੇ ਅਜੀਤ ਸਿੰਘ ਨੇ ਦੂਜਾ ਅਤੇ ਡੀਐੱਮ ਕਾਲਜ ਮੋਗਾ ਦੇ ਪਰਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਕਸ਼ਨ ਵੰਨਗੀ ਵਿਚ ਡੀਐੱਮ ਕਾਲਜ ਮੋਗਾ ਨੇ ਪਹਿਲਾ, ਮੇਜ਼ਬਾਨ ਜੀਐਨ ਕਾਲਜ ਨਾਰੰਗਵਾਲ ਨੇ ਦੂਜਾ ਅਤੇ ਬੀਕੇਐਸ ਕਾਲਜ ਮੁਹਾਰ ਨੇ ਤੀਜਾ ਸਥਾਨ ਹਾਸਲ ਕੀਤਾ। ਨਾਨ-ਪ੍ਰਕਸ਼ਨ ਵਿਚ ਬੀਕੇਐੱਸ ਕਾਲਜ ਮੁਹਾਰ ਨੇ ਪਹਿਲਾ, ਮੇਜ਼ਬਾਨ ਜੀਐਨ ਕਾਲਜ ਨਾਰੰਗਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇੰਡੀਅਨ ਆਰਕੈਸਟਰਾ ਵਿਚ ਬੀਕੇਐੱਸ ਕਾਲਜ ਮੁਹਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਨਾਟਕਾਂ ਦਾ ਮੰਚਨ ਦੇਰ ਸ਼ਾਮ ਜਾਰੀ ਰਿਹਾ।