ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਪਰੈਲ
ਗੈਂਗਸਟਰ ਸੁੱਖਾ ਬਾੜੇਵਾਲੀਆ ਵੱਲੋਂ ਆਪਣੇ ਕਰੀਬ ਪੰਜ ਸਾਥੀਆਂ ਨਾਲ ਮਿਲ ਕੇ ਇੰਦਰਾਪੁਰੀ ਵਾਸੀ ਚੰਦਨ (30) ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਚੰਦਨ ਨਾਲ ਕੁੱਟਮਾਰ ਕੀਤੀ। ਜਦੋਂ ਮੁਲਜ਼ਮਾਂ ਨੇ ਗੱਡੀ ਹੌਲੀ ਕੀਤੀ ਤਾਂ ਚੰਦਨ ਗੱਡੀ ’ਚੋਂ ਛਾਲ ਮਾਰ ਕੇ ਭੱਜ ਨਿਕਲਿਆ। ਪੀੜਤ ਥਾਣਾ ਸਰਾਭਾ ਨਗਰ ਪੁੱਜਿਆ, ਜਿਥੇ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਏਡੀਸੀਪੀ, ਏਸੀਪੀ ਤੇ ਹੋਰ ਪੁਲੀਸ ਕਰਮੀ ਥਾਣਾ ਸਰਾਭਾ ਨਗਰ ਪੁੱਜ ਗਏ। ਪੁਲੀਸ ਨੇ ਜਾਂਚ ਤੋਂ ਬਾਅਦ ਚੰਦਨ ਦੀ ਸ਼ਿਕਾਇਤ ’ਤੇ ਗੈਂਗਸਟਰ ਸੁੱਖਾ ਬਾੜੇਵਾਲੀਆ ਸਣੇ 6 ਲੋਕਾਂ ਵਿਰੁੱਧ ਅਗਵਾ, ਫਿਰੌਤੀ ਮੰਗਣ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਵਾਰਦਾਤ ਮੰਗਲਵਾਰ ਦੇਰ ਰਾਤ ਵਾਪਰੀ। ਦਰਅਸਲ ਇੰਦਰਾਪੁਰੀ ਵਾਸੀ 30 ਸਾਲਾ ਚੰਦਨ ਬੀਮਾ ਏਜੰਟ ਹੈ, ਜਿਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਹੈ ਤੇ ਉਹ ਗੈਂਗਸਟਰ ਸੁੱਖਾ ਨਾਲ ਸੰਪਰਕ ’ਚ ਸੀ। ਚੰਦਨ ਨੇ ਦੱਸਿਆ ਕਿ ਸਰਾਭਾ ਨਗਰ ਇਲਾਕੇ ’ਚ 2 ਕਾਰਾਂ ਨੇ ਉਸਨੂੰ ਘੇਰ ਲਿਆ, ਜਿਸ ’ਚੋਂ ਇੱਕ ’ਚ ਸੁੱਖਾ ਸੀ। ਸੁੱਖਾ ਉਸ ਤੋਂ 50 ਹਜ਼ਾਰ ਦੀ ਮੰਗ ਕਰਨ ਲੱਗਿਆ। ਉਹ ਕਾਰ ਬਾੜੇਵਾਲ ਇਲਾਕੇ ’ਚ ਲੈ ਗਏ, ਉਨ੍ਹਾਂ ਕਾਰ ਹੌਲੀ ਕੀਤੀ ਤਾਂ ਉਸਨੇ ਮੌਕਾ ਦੇਖ ਕੇ ਛਾਲ ਮਾਰ ਦਿੱਤੀ। ਸੁੱਖਾ ਬਾੜੇਵਾਲੀਆ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਇਆ ਹੋਇਆ ਹੈ। ਇਸ ਮਾਮਲੇ ’ਚ ਥਾਣਾ ਸਰਾਭਾ ਨਗਰ ਦੇ ਐੱਸ.ਐੱਚ.ਓ ਸਬ-ਇੰਸਪੈਕਟਰ ਜਸਕਮਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ।