ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਪਰੈਲ
ਨਗਰ ਨਿਗਮ ਨੇ ਬੁੱਢਾ ਨਾਲੇ ਨੇੜੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਜ਼ੋਨ-ਬੀ ਨੇ ਆਪਣੇ ਹਿੱਸੇ ਦੇ ਜ਼ਿਆਦਾਤਰ ਕਬਜ਼ੇ ਹਟਾ ਦਿੱਤੇ ਅਤੇ ਹੁਣ ਜ਼ੋਨ-ਏ ਨੇ ਬੁੱਢਾ ਨਾਲੇ ਨੇੜਿਓਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਮੰਗਲਵਾਰ ਨੂੰ ਨਿਗਮ ਨੇ ਚਾਂਦ ਸਿਨੇਮਾ ਕੋਲੋਂ 40 ਦੇ ਕਰੀਬ ਝੁੱਗੀਆਂ ਨੂੰ ਢਹਿ ਢੇਰੀ ਕੀਤਾ। ਝੁੱਗੀ ਵਾਲਿਆਂ ਨੇ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ, ਪਰ ਪੁਲੀਸ ਦੀ ਮੌਜੂਦਗੀ ਕਾਰਨ ਝੁੱਗੀ ਵਾਲਿਆਂ ਦੀ ਇੱਕ ਨਹੀਂ ਚੱਲੀ। ਨਗਰ ਨਿਗਮ ਅਫ਼ਸਰਾਂ ਦਾ ਕਹਿਣਾ ਹੈ ਕਿ ਝੁੱਗੀਆਂ ਵਾਲਿਆਂ ਨੂੰ ਪਹਿਲਾਂ ਹੀ ਖਾਲੀ ਕਰਨ ਲਈ ਆਖ ਦਿੱਤਾ ਗਿਆ ਸੀ, ਪਰ ਉਨ੍ਹਾਂ ਨੇ ਝੁੱਗੀਆਂ ਖਾਲੀ ਨਹੀਂ ਕੀਤੀਆਂ। ਨਿਗਮ ਦੀ ਚਿਤਾਵਨੀ ਦੇ ਬਾਵਜੂਦ ਜਦੋਂ ਝੁੱਗੀ ਵਾਲੇ ਖਾਲੀ ਕਰਨ ਲਈ ਤਿਆਰ ਨਾ ਹੋਏ ਤਾਂ ਟੀਮ ਨੇ ਇੱਕ ਕਿਨਾਰੇ ਤੋਂ ਬੁਲਡੋਜ਼ਰ ਚਲਾਉਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਝੁੱਗੀ ਵਾਲਿਆਂ ਨੇ ਸਾਮਾਨ ਬਾਹਰ ਕੱਢਿਆ।
ਇਸ ਤੋਂ ਬਾਅਦ ਨਿਗਮ ਨੇ ਕੁਝ ਦੇਰ ਲਈ ਕਾਰਵਾਈ ਰੋਕੀ ਅਤੇ ਲੋਕਾਂ ਨੂੰ ਸਾਮਾਨ ਬਾਹਰ ਕੱਢਣ ਦਿੱਤਾ। ਜਦੋਂ ਝੁੱਗੀ ਵਾਲਿਆਂ ਨੇ ਸਾਮਾਨ ਬਾਹਰ ਕੱਢ ਲਿਆ ਤਾਂ ਉਨ੍ਹਾਂ ਨੇ ਪੀਲਾ ਪੰਜਾ ਚਲਾ ਕੇ ਝੁੱਗੀਆਂ ਢਹਿ ਢੇਰੀ ਕਰ ਦਿੱਤੀਆਂ। ਝੁੱਗੀਆਂ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਸਨ, ਪਰ ਨਿਗਮ ਨੇ ਬਿਨ੍ਹਾ ਕਿਸੇ ਜਾਣਕਾਰੀ ਦੇ ਅੱਜ ਇਹ ਕਾਰਵਾਈ ਕੀਤੀ ਹੈ। ਉਧਰ, ਨਿਗਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਝੁੱਗੀਆਂ ਨੂੰ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਸੀ। ਮਜਬੂਰਨ ਉਨ੍ਹਾਂ ਨੂੰ ਕਾਰਵਾਈ ਕਰਨੀ ਪਈ।