ਦੇਵਿੰਦਰ ਸਿੰਘ ਜੱਗੀ
ਪਾਇਲ, 21 ਅਪਰੈਲ
ਸ਼੍ਰੋਮਣੀ ਸ਼ਹੀਦ ਭਾਈ ਜੀਵਨ ਸਿੰਘ ਅਤੇ ਭਾਈ ਜੈਤਾ ਸਿੰਘ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੂਹ ਗਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਿਰਭੈ ਸਿੰਘ ਨੇ ਦੱਸਿਆ ਕਿ ਇਸ ਛਿੰਝ ਦੌਰਾਨ ਝੰਡੀ ਦੀਆਂ ਦੋ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਕੁਸ਼ਤੀ ਰਵੀ ਰੌਣੀ ਅਤੇ ਜਬਰਾ ਬਠਿੰਡਾ ਦਰਮਿਆਨ ਹੋਈ। ਇਸ ਮੌਕੇ ਰਵੀ ਰੌਣੀ ਨੇ ਜ਼ਬਰਦਸਤ ਟੱਕਰ ਦੌਰਾਨ ਜਿੱਤ ਪ੍ਰਾਪਤ ਕੀਤੀ। ਦੂਸਰੀ ਝੰਡੀ ਦੀ ਕੁਸ਼ਤੀ ਦੀਪਕ ਹੱਲਾ ਅਤੇ ਵਿੱਕੀ ਬਿਰੜਵਾਲ ਦਰਮਿਆਨ ਹੋਈ, ਅਖੀਰ ਵਿੱਚ ਦੀਪਕ ਹੱਲਾ ਨੇ ਆਪਣਾ ਗੁੱਝਾ ਦਾਅ ਮਾਰ ਕੇ ਵਿੱਕੀ ਬਿਰੜਵਾਲ ਨੂੰ ਧਰਤੀ ’ਤੇ ਪਟਕ ਦਿੱਤਾ ਅਤੇ ਝੰਡੀ ਦੀ ਕੁਸ਼ਤੀ ’ਤੇ ਕਬਜ਼ਾ ਕਰ ਲਿਆ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੁਮੈਂਟਰੀ ਨਾਜ਼ਰ ਸਿੰਘ ਢੰਡੋਗਲ ਖੇੜੀ ਅਤੇ ਸੁਖਵਿੰਦਰ ਸਿੰਘ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ। ਇਸ ਦੰਗਲ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਪੰਜਾਬ, ਪਹਿਲਵਾਨ ਅਮਰੀਕ ਸਿੰਘ ਰੌਣੀ, ਡਾ. ਹਰਦੀਪ ਸਿੰਘ ਮੈਂਬਰ ਬਲਾਕ ਸੰਮਤੀ, ਨੰਬਰਦਾਰ ਸਰਬਜੀਤ ਸਿੰਘ, ਬਾਬਾ ਸੁਰਜੀਤ ਸਿੰਘ, ਜਗਤਾਰ ਸਿੰਘ ਬੈਨੀਪਾਲ, ਬਾਬਾ ਬਲਵਿੰਦਰ ਸਿੰਘ, ਗੁਰਦੀਪ ਸਿੰਘ ਕਾਲੀ ਪਾਇਲ, ਹਾਜ਼ਰ ਸਨ। ਇਸ ਮੌਕੇ ਭਲਵਾਨਾਂ ਅਤੇ ਉਸਤਾਦਾਂ ਦਾ ਸਨਮਾਨ ਕੀਤਾ ਗਿਆ।