ਲੁਧਿਆਣਾ: ਡੀਐੱਮਸੀਐੱਚ ਦੇ ਓਪੀਡੀ ਬਲਾਕ ਵਿੱਚ ਮਨੋਰੋਗ ਵਿਭਾਗ ਅਤੇ ਡੀਐੱਮਸੀਐੱਚ ਕਾਲਜ ਆਫ਼ ਨਰਸਿੰਗ ਵੱਲੋਂ ਅੱਜ ਓਪੀਡੀ ਬਲਾਕ ਵਿੱਚ ‘ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ’ ਮਨਾਉਣ ਲਈ ਇੱਕ ਸਮਾਗਮ ਕਰਵਾਇਆ ਗਿਆ। ਡੀਐੱਮਸੀਐੱਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਪ੍ਰੇਮ ਕੁਮਾਰ ਨੇ ਕਿਹਾ ਕਿ ਡੀਐੱਮਸੀਐੱਚ ਦੇ ਮਨੋਵਿਗਿਆਨ ਵਿਭਾਗ ਕੋਲ ਸਾਰੀਆਂ ਮਾਨਸਿਕ ਬਿਮਾਰੀਆਂ ਸਮੇਤ ਲੋਕਾਂ ਦੀ ਸਮੁੱਚੀ ਤੰਦਰੁਸਤੀ ਦੀ ਦੇਖਭਾਲ ਲਈ ਅਤਿ ਆਧੁਨਿਕ ਸਹੂਲਤਾਂ ਹਨ। ਡਾ. ਰੰਜੀਵ ਦੇ ਅਨੁਸਾਰ ਪਿਛਲੇ ਸਾਲਾਂ ਦੌਰਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਮੁੱਖ ਕਾਰਨ ਬਹੁਤ ਜ਼ਿਆਦਾ ਤਣਾਅ, ਨਕਾਰਾਤਮਕ ਵਿਚਾਰ ਤੇ ਆਲੇ ਦੁਆਲੇ ਦੇ ਮਾਹੌਲ ਪ੍ਰਤੀ ਵਧੇਰੇ ਕਮਜ਼ੋਰ ਹੋਣਾ ਹੈ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਡੀਐੱਮਸੀਐੱਚ ਕਾਲਜ ਆਫ ਨਰਸਿੰਗ ਦੇ ਬੀਐੱਸਸੀ ਤੀਸਰੇ ਸਾਲ ਦੇ ਵਿਦਿਆਰਥੀਆਂ ਵੱਲੋਂ ਐਸੋਸੀਏਟ ਪ੍ਰੋਫੈਸਰ ਸ਼ੈਲਜ਼ਾ ਸ਼ਰਮਾ ਦੀ ਅਗਵਾਈ ਹੇਠ ਆਤਮਹੱਤਿਆ ਦੀ ਰੋਕਥਾਮ ਬਾਰੇ ਇੱਕ ਰੋਲ ਪਲੇਅ ਪੇਸ਼ ਕੀਤਾ ਗਿਆ। -ਖੇਤਰੀ ਪ੍ਰਤੀਨਿਧ