ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਮਾਰਚ
ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਵਿੱਚ ਵਿਭਾਗੀ ਹਦਾਇਤਾਂ ਅਨੁਸਾਰ ਨਿਪੁੰਨ ਭਾਰਤ ਤਹਿਤ ਵਿਦਿਆਰਥੀਆਂ ਦੀਆਂ ਮਾਵਾਂ ਦੀ ਸਕੂਲ ਇੰਚਾਰਜ ਨਰਿੰਦਰ ਸਿੰਘ ਦੀ ਅਗਵਾਈ ਹੇਠ ਵਰਕਸ਼ਾਪ ਲਾਈ ਗਈ। ਇਸ ਦੌਰਾਨ ਕਰਵਾਈਆਂ ਗਤੀਵਿਧੀਆਂ ਵਿੱਚ ਮਾਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਨਰਿੰਦਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇਨ੍ਹਾਂ ਮਾਵਾਂ ਨੂੰ ਵਰਕਸ਼ਾਪ ਦੇ ਮਨੋਰਥ ਅਤੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਮਾਤਾਵਾਂ ਨੂੰ ਆਪਣੇ ਬੱਚੇ ਨੂੰ ਕਿਵੇਂ ਵਰਕਸ਼ੀਟ ਕਰਵਾਉਣੀਆਂ ਹਨ, ਬਾਰੇ ਸਮਝਾਇਆ ਗਿਆ। ਦੂਜੇ ਸੈਸ਼ਨ ਵਿੱਚ ਮਾਤਾਵਾਂ ਨੂੰ ਆਪਣੀ ਰੁਚੀ ਅਨੁਸਾਰ ਪੋਸਟ ਕਾਰਡ, ਫਲਾਵਰ ਮੇਕਿੰਗ, ਕਲੇਅ ਮਾਡਲਿੰਗ, ਪੇਪਰ ਕਟਿੰਗ, ਕਰਾਫਟ ਵਰਕ ਕਰਨ ਲਈ ਸਹਾਇਕ ਸਮੱਗਰੀ ਦਿੱਤੀ ਗਈ। ਤੀਜੇ ਸੈਸ਼ਨ ਵਿੱਚ ਮਾਤਾਵਾਂ ਲਈ ਮਿਊਜ਼ੀਕਲ ਚੇਅਰ, ਬੁੱਝੋ ਮੈਂ ਕੌਣ, ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਇਸ ਗਤੀਵਿਧੀ ਦੌਰਾਨ ਮਾਵਾਂ ਨੇ ਗੀਤ, ਕਵਿਤਾਵਾਂ ਅਤੇ ਡਾਂਸ ਆਦਿ ਗਤੀਵਿਧੀਆਂ ਵਿੱਚ ਵੀ ਹਿੱਸਾ ਲਿਆ। ਵਰਕਸ਼ਾਪ ਦੇ ਅਖੀਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਮਾਤਾਵਾਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।
ਸਮਰਾਲਾ (ਪੱਤਰ ਪ੍ਰੇਰਕ): ਸਰਕਾਰੀ ਪ੍ਰਾਇਮਰੀ ਸਕੂਲ ਰਾਜੇਵਾਲ-ਕੁੱਲੇਵਾਲ, ਬਲਾਕ ਸਮਰਾਲਾ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ:) ਲੁਧਿਆਣਾ ਜਸਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮਰਾਲਾ ਆਸ਼ਾ ਰਾਣੀ ਦੀ ਦੇਖਰੇਖ ਵਿੱਚ ਸਿੱਖਿਆ ਵਿਭਾਗ ਵੱਲੋਂ ਪ੍ਰੀ- ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਮਾਵਾਂ ਦੀ ਸਕੂਲ ਪੱਧਰੀ ਸਿਖਲਾਈ ਵਰਕਸ਼ਾਪ ਲਗਾਈ ਗਈ। ਸਕੂਲ ਮੁਖੀ ਸੰਤੋਸ਼ ਰਾਣੀ ਨੇ ਦੱਸਿਆ ਕਿ ਰਕਸ਼ਾਪ ਅਧੀਨ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਨੇ ਸਕੂਲ ਅਧਿਆਪਕਾਂ ਵੱਲੋਂ ਦਿੱਤੀ ਜਾਣਕਾਰੀ ਨੂੰ ਸੁਣਿਆ ਅਤੇ ਉਸ ਉੱਤੇ ਅਮਲ ਕਰਨ ਦਾ ਭਰੋਸਾ ਦਿੱਤਾ। ਵਰਕਸ਼ਾਪ ਮੌਕੇ ਰਿਤੂ ਵਰਮਾ, ਨਿਸ਼ਾ ਬਾਂਸਲ ਹਾਜ਼ਰ ਸਨ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿੱਚ ਬਲਾਕ ਸਿੱਖਿਆ ਅਫ਼ਸਰ ਸੁਰਿੰਦਰ ਕੌਰ ਦੀ ਅਗਵਾਈ ਹੇਠਾਂ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਮਾਵਾਂ ਦੀ ਸਕੂਲ ਪੱਧਰੀ ਸਿਖਲਾਈ ਵਰਕਸ਼ਾਪ ਲਾਈ ਗਈ। ਸਕੂਲ ਮੁਖੀ ਸਤਵੀਰ ਸਿੰਘ ਰੌਣੀ ਨੇ ਦੱਸਿਆ ਕਿ ਬੱਚੇ ਦੀ ਸਖਸ਼ੀਅਤ ਉਸਾਰੀ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿਚ ਮਾਂ ਦਾ ਰੋਲ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਮੌਕੇ ਨਵਦੀਪ ਸਿੰਘ, ਪਰੋਮਿਲਾ, ਮੀਨੂੰ, ਕਿਰਨਜੀਤ ਕੌਰ, ਕੁਲਵੀਰ ਕੌਰ, ਰਛਪਾਲ ਕੌਰ ਹਾਜ਼ਰ ਸਨ।