ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਮਾਰਚ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਦੇਸ਼ਾਲੇ ਵੱਲੋਂ ‘ਪਸ਼ੂਧਨ ਉਤਪਾਦਨ ਦੇ ਟਿਕਾਊਪਨ ਲਈ ਵਿਗਿਆਨਕ ਯਤਨ ਅਤੇ ਤਕਨਾਲੋਜੀ’ ਵਿਸ਼ੇ ’ਤੇ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਪਸ਼ੂਧਨ ਵਿਗਿਆਨੀਆਂ ਲਈ ਵਰਕਸ਼ਾਪ ਲਾਈ ਗਈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਅਤੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਕਿਸਾਨਾਂ ਤਕ ਆਪਣੀ ਪਹੁੰਚ ਵਧਾਉਣੀ ਲੋੜੀਂਦੀ ਹੈ। ਅਟਾਰੀ, ਜ਼ੋਨ-1 ਦੇ ਨਿਰਦੇਸ਼ਕ ਡਾ. ਰਾਜਬੀਰ ਸਿੰਘ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਸ਼ੂਧਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਇਸ ਮੌਕੇ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਪ-ਕੁਲਪਤੀ ਅਤੇ ਪਤਵੰਤੇ ਮਹਿਮਾਨਾਂ ਵੱਲੋਂ ਸੂਰ ਪਾਲਣ ਸਬੰਧੀ ਆਨਲਾਈਨ ਕੋਰਸ ਦਾ ਵੀ ਆਰੰਭ ਕੀਤਾ ਗਿਆ। ਇਸ ਕਾਰਜਸ਼ਾਲਾ ਵਿਚ ਵੱਖੋ-ਵੱਖਰੇ ਵਿਸ਼ਿਆਂ ’ਤੇ ਮਾਹਿਰਾਂ ਵੱਲੋਂ ਭਾਸ਼ਣ ਵੀ ਦਿੱਤੇ ਗਏ। ਇਸ ਤੋਂ ਇਲਾਵਾ ਮੌਜ਼ਰੈਲਾ ਪਨੀਰ ਅਤੇ ਯੋਗਰਟ ਬਨਾਉਣ ਦੀ ਵਿਧੀ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਜਸ਼ਾਲਾ ਦਾ ਸੰਯੋਜਨ ਡਾ. ਅਰੁਣਬੀਰ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਕੀਤਾ।