ਗਗਨਦੀਪ ਅਰੋੜਾ
ਲੁਧਿਆਣਾ, 23 ਦਸੰਬਰ
ਇਥੇ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ ਨਾਲ ਜੋੜਨ ਵਾਲੇ ਸਿੱਧਵਾਂ ਨਹਿਰ ਦੇ ਪੁਲ ਦੀ ਚੌੜਾਈ ਨਾਲ ਸਬੰਧਤ ਕੰਮ ਦੀ ਸ਼ੁਰੂਆਤ ਅੱਜ ਕੀਤੀ ਗਈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਇਹ ਚਿਰੋਕਣੀ ਮੰਗ ਰਹੀ ਹੈ ਕਿਉਂਕਿ ਵਾਹਨਾਂ ਦੀ ਆਵਾਜਾਈ ਵਿੱਚ ਵਾਧਾ ਹੋਣ ਕਾਰਨ, ਇਸ ਪੁਲ ‘ਤੇ ਟੈਰਫਿਕ ਜਾਮ ਲੱਗਾ ਰਹਿੰਦਾ ਸੀ।
ਕੈਬਨਿਟ ਮੰਤਰੀ ਆਸ਼ੂ ਨੇ ਕਿ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ (ਐੱਮ.ਸੀ. ਜ਼ੋਨ ਡੀ ਦਫ਼ਤਰ ਨੇੜੇ) ਨਾਲ ਜੋੜਨ ਵਾਲੇ ਸਿੱਧਵਾਂ ਨਹਿਰ ਦੇ ਪੁਲ ਨੂੰ 1.40 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੁਆਰਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਇਸ ਨੂੰ ਪੰਜਾਬ ਸਿੰਜਾਈ ਵਿਭਾਗ ਦੁਆਰਾ ਬਣਾਇਆ ਜਾਵੇਗਾ।
ਇਸ ਮੌਕੇ ਮੰਤਰੀ ਆਸ਼ੂ ਨੇ ਦੱਸਿਆ ਕਿ ਸਿੱਧਵਾਂ ਨਹਿਰ ਦਾ ਮੌਜੂਦਾ ਪੁਲ ਜੋ ਕਿ 4 ਮੀਟਰ ਹੈ, ਨੂੰ 9 ਮੀਟਰ ਚੌੜਾ ਕੀਤਾ ਜਾਵੇਗਾ ਅਤੇ ਇਲਾਕਾ ਵਾਸੀਆਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਾਸੇ ਵੱਲ ਆਉਂਦੇ ਸਮੇਂ ਬਦਲਵੇਂ ਰਸਤੇ ਅਪਣਾਉਣ, ਕਿਉਂਕਿ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਟਰੈਫਿਕ ਨੂੰ ਨਾਲ ਦੇ ਪੁਲ ਤੋਂ ਮੋੜਿਆ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੁਲ ਨੂੰ ਚੌੜਾ ਕਰਨ ਦਾ ਕੰਮ ਫਰਵਰੀ 2021 ਤੱਕ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਪੱਖੋਵਾਲ ਰੋਡ ਰੇਲ ਅੰਡਰਬ੍ਰਿਜ (ਆਰ.ਯੂ.ਬੀ.) ਅਤੇ ਰੇਲਓਵਰ ਬ੍ਰਿਜ (ਆਰ.ਓ.ਬੀ.) ਪ੍ਰਾਜੈਕਟ ਦੀ ਚੱਲ ਰਹੀ ਉਸਾਰੀ ਦੇ ਮੱਦੇਨਜ਼ਰ ਪੱਖੋਵਾਲ ਰੋਡ (ਸਿੱਧਵਾਂ ਨਹਿਰ ਦੇ ਪੁਲ ਤੋਂ ਹੀਰੋ ਬੇਕਰੀ ਚੌਕ ਤੱਕ) ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਹੈ।
ਲੋਕਾਂ ਨੂੰ ਅਪੀਲ ਕਰਦਿਆਂ ਕਿ ਉਹ ਬਦਲਵੇਂ ਰਸਤੇ ਅਪਣਾਉਣ, ਕਿਉਂਕਿ ਪਖੋਵਾਲ ਰੋਡ ਦਾ ਇਹ ਹਿੱਸਾ ਵਾਹਨਾਂ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ। ਉਨ੍ਹਾਂ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਪ੍ਰਾਜੈਕਟ ਮੁਕੰਮਲ ਹੋ ਜਾਣ ‘ਤੇ ਵਸਨੀਕਾਂ ਲਈ ਬਹੁਤ ਲਾਹੇਵੰਦ ਸਿੱਧ ਹੋਣਗੇ।