ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਜਨਵਰੀ
ਹਲਕਾ ਪੂਰਬੀ ਵਿੱਚ ਰਾਸ਼ਟਰੀ ਮਾਰਗ ਹੇਠਾਂ ਤਾਜਪੁਰ ਅਤੇ ਟਿੱਬਾ ਰੋਡ ਲਈ ਬਣ ਰਹੇ ਅੰਡਰ-ਪਾਸ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋਇਆ। ਜਿਸ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੁੱਦੇ ਸਬੰਧੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਵਿੱਚ ਕ੍ਰੈਡਿਟ ਵਾਰ ਦੀ ਸੰਭਾਵਨਾ ਵੀ ਤੇਜ਼ ਹੁੰਦੀ ਜਾ ਰਹੀ ਹੈ। ਸਮਰਾਲਾ ਚੌਕ ਤੋਂ ਜੋਧੇਵਾਲ ਬਸਤੀ ਤੱਕ ਬਣ ਰਹੇ ਫਲਾਈਓਵਰ ਹੇਠ ਤਾਜਪੁਰ ਰੋਡ ਅਤੇ ਟਿੱਬਾ ਰੋਡ ਲਈ ਅੰਡਰ ਪਾਸ ਬਣਾਉਣ ਦਾ ਕੰਮ ਭਾਵੇਂ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਇਹ ਪ੍ਰਾਜੈਕਟ ਸਿਰੇ ਚੜ੍ਹਦਾ ਨਜ਼ਰ ਨਹੀਂ ਆਉਂਦਾ। ਇਸ ਪ੍ਰਾਜੈਕਟ ਦੇ ਪੂਰਾ ਨਾ ਹੋਣ ਕਾਰਨ ਤਾਜਪੁਰ ਰੋਡ ਅਤੇ ਟਿੱਬਾ ਰੋਡ ’ਤੇ ਪੈਂਦੇ ਦਰਜਨਾਂ ਮੁਹੱਲਿਆਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵੇਰੇ, ਸ਼ਾਮ ਲੋਕ ਆਪਣੇ ਮੋਢਿਆਂ ’ਤੇ ਸਾਈਕਲ ਚੁੱਕ ਕੇ ਸੜਕ ਪਾਰ ਕਰਦੇ ਆਮ ਦੇਖੇ ਜਾ ਸਕਦੇ ਹਨ ਜਦਕਿ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਸਮਰਾਲਾ ਚੌਕ ਤੋਂ ਘੁੰਮ ਕੇ ਜਾਣਾ ਪੈਂਦਾ ਹੈ।
ਸਮਰਾਲਾ ਚੌਕ ਵਿੱਚ ਵੀ ਭੀੜ ਪਹਿਲਾਂ ਦੇ ਮੁਕਾਬਲੇ ਕਈ ਗੁਣਾਂ ਵਧ ਗਈ ਹੈ। ਸੂਤਰਾਂ ਅਨੁਸਾਰ ਪਹਿਲਾਂ ਫਲਾਈਓਵਰ ਹੇਠ ਉਕਤ ਦੋਵੇਂ ਅੰਡਰ-ਪਾਸ ਬਣਾਉਣ ਦੀ ਕੋਈ ਤਜ਼ਵੀਜ਼ ਨਹੀਂ ਸੀ। ਇਸ ਸਬੰਧੀ ਕਾਂਗਰਸ ਵਿਧਾਇਕ ਸੰਜੇ ਤਲਵਾੜ ਅਤੇ ‘ਆਪ’ ਦੇ ਉਮੀਦਵਾਰ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਸਮੇਂ ਸਮੇਂ ’ਤੇ ਇਹ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਅੰਡਰ-ਪਾਸ ਬਣਨੇ ਸ਼ੁਰੂ ਹੋਏ ਹਨ। ਇਹ ਵੀ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਇਨ੍ਹਾਂ ਵਿਚਕਾਰ ਉਕਤ ਅੰਡਰ-ਪਾਸ ਦਾ ਕ੍ਰੈਡਿਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾਵੇਗਾ।