ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਜੂਨ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸੀਆਈਏ ਦੀ ਪੁਲੀਸ ਨੇ ਚਾਰ ਦਿਨਾਂ ’ਚ ਪੌਣੇ ਤਿੰਨ ਕਿਲੋ ਅਫ਼ੀਮ ਦੀ ਖੇਪ ਫੜੀ ਹੈ। ਇਸ ਦੌਰਾਨ ਪੁਲੀਸ ਨੇ ਇੱਕ ਮਹਿਲਾ ਤਸਕਰ ਨੂੰ 1.5 ਕਿਲੋ ਅਫ਼ੀਮ ਅਤੇ ਅਫ਼ੀਮ ਵੇਚ ਕੇ ਕਮਾਏ ਕਰੀਬ ਚਾਰ ਲੱਖ ਰੁਪਏ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਪੀ (ਡੀ) ਪ੍ਰਿਥੀਪਾਲ ਸਿੰਘ ਬਟਾਲਾ ਅਤੇ ਡੀਐੱਸਪੀ (ਡੀ) ਅਨਿਲ ਨੇ ਜਾਣਕਾਰੀ ਦਿੱਤੀ ਕਿ ਸਬ-ਇੰਸਪੈਕਟਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਹਿਰਾਸਤ ’ਚ ਲਏ ਅਫ਼ੀਮ ਤਸਕਰ ਗੁਰਤੇਜ ਸਿੰਘ ਉਰਫ਼ ਤੇਜੀ ਕੋਲੋਂ 1.250 ਕਿਲੋ ਅਫ਼ੀਮ ਬਰਾਮਦ ਕਰ ਕੇ ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਦੌਰਾਨ ਤੇਜੀ ਵੱਲੋਂ ਕੀਤੇ ਖੁਲਾਸਿਆਂ ਦੌਰਾਨ ਉਸਨੇ ਦੱਸਿਆ ਕਿ ਅਫ਼ੀਮ ਦੀ ਬਾਕੀ ਖੇਪ ਉਸਦੀ ਸਾਥਣ ਤਸਕਰ ਰਣਜੀਤ ਕੌਰ ਰਾਣੀ ਕੋਲ ਹੈ। ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਪੁਲੀਸ ਪਾਰਟੀ ਨਾਲ ਰਣਜੀਤ ਕੌਰ ਰਾਣੀ ਦੇ ਘਰ ਛਾਪਾ ਮਾਰ ਕੇ 1.5 ਕਿਲੋ ਅਫ਼ੀਮ ਅਤੇ ਅਫ਼ੀਮ ਵੇਚ ਕੇ ਕਮਾਏ 3.82,900 ਰੁਪਏ ਵੀ ਬਰਾਮਦ ਕੀਤੇ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨਾ ਰਿਮਾਂਡ ਲਿਆ ਗਿਆ ਹੈ।
ਪੁਲੀਸ ਵੱਲੋਂ ਗਾਂਜੇ ਸਮੇਤ ਵਿਅਕਤੀ ਗ੍ਰਿਫ਼ਤਾਰ
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਅਗਰ ਨਗਰ ਗੁਰਦੇਵ ਹਸਪਤਾਲ ਕੱਟ ਆਸ਼ਾਪੁਰੀ ਕੋਲ ਮੌਜੂਦ ਸੀ ਤਾਂ ਸਾਹਮਣਿਓਂ ਜਲਾਲੂਦੀਨ ਵਾਸੀ ਇੰਦਰਾ ਕਲੋਨੀ ਆਸ਼ਾਪੁਰੀ ਆ ਰਿਹਾ ਸੀ ਜਿਸੂੰ ਸ਼ੱਕ ਦੇ ਆਧਾਰ ’ਤੇ ਰੋਕਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 33 ਗ੍ਰਾਮ ਗਾਂਜਾ, ਮੋਬਾਈਲ ਅਤੇ ਡਰੱਗ ਮਨੀ ਵਜੋਂ 330 ਰੁਪਏ ਵੀ ਬਰਾਮਦ ਹੋਏ। ਥਾਣੇਦਾਰ ਹਰਮੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ