ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 28 ਮਈ
ਇਥੇ ਪੁਰਾਣੀ ਦਾਣਾ ਮੰਡੀ ਦੇ ਪਿਛਲੇ ਪਾਸੇ ਇੰਟਰਲੌਕ ਟਾਈਲਾਂ ਨਾਲ ਨਵੀਂ ਬਣੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਹਾਲੇ ਮਹੀਨਾ ਪਹਿਲਾਂ ਹੀ ਇਹ ਸੜਕ ਮੁਕੰਮਲ ਹੋਈ ਸੀ ਅਤੇ ਇਸ ਦੇ ਵਿਚਕਾਰਲਾ ਸੌ ਫੁੱਟ ਤੋਂ ਵੱਧ ਦਾ ਹਿੱਸਾ ਟੁੱਟਣ ਲੱਗਿਆ ਹੈ। ਇਸ ਸੌ ਫੁੱਟ ਤੋਂ ਵਧੇਰੇ ਲੰਬੇ ਹਿੱਸੇ ’ਚ ਇੰਟਰਲੌਕ ਟਾਈਲਾਂ ਭੁਰਨੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ’ਚੋਂ ਬੱਜ਼ਰੀ ਤੇ ਰੇਤਾ ਬਾਹਰ ਨਿੱਕਲ ਰਿਹਾ ਹੈ। ਲੋਕ ਹੈਰਾਨ ਹਨ ਕਿ ਇਕ ਮਹੀਨੇ ’ਚ ਹੀ ਸੜਕ ਇਕ ਥਾਂ ਤੋਂ ਬੈਠ ਵੀ ਗਈ ਅਤੇ ਬਾਕੀ ਥਾਂ ਤੋਂ ਟੁੱਟਣੀ ਕਿਵੇਂ ਸ਼ੁਰੂ ਹੋ ਗਈ? ਹਾਲੇ ਬੀਤੇ ਕੱਲ੍ਹ ਹੀ ਵਿਜੀਲੈਂਸ ਵਿਭਾਗ ਦੀ ਟੀਮ ਪਾਰਕ ਨਿਰਮਾਣ ਅਤੇ ਇਕ ਹੋਰ ਸੜਕ ਬਣਾਉਣ ਦੇ ਕੰਮ ’ਚ ਹੋਏ ਕਥਿਤ ਘਪਲੇ ਦੀ ਜਾਂਚ ਲਈ ਪਹੁੰਚੀ ਸੀ। ਅੱਜ ਇਹ ਤਾਜ਼ਾ ਮਾਮਲਾ ਸਾਹਮਣੇ ਆਉਣ ’ਤੇ ਲੋਕ ਇਸ ਕੰਮ ਦੀ ਵੀ ਉੱਚ ਪੱਧਰੀ ਜਾਂਚ ਮੰਗ ਰਹੇ ਹਨ। ਵੇਰਵਿਆਂ ਅਨੁਸਾਰ 23 ਲੱਖ ਦੀ ਲਾਗਤ ਨਾਲ ਡਿਸਪੋਜ਼ਲ ਰੋਡ ਤੱਕ ਇੰਟਰਲੌਕ ਟਾਈਲਾਂ ਲਾਉਣ ਦਾ ਕੰਮ ਇਕ ਠੇਕੇਦਾਰ ਨੂੰ ਦਿੱਤਾ ਗਿਆ ਸੀ। ਨਗਰ ਸੁਧਾਰ ਸਭਾ ਦੇ ਆਗੂ ਅਵਤਾਰ ਸਿੰਘ ਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਨਗਰ ਕੌਂਸਲ ਦੇ ਕਰਵਾਏ ਜਾਂਦੇ ਵਿਕਾਸ ਕਾਰਜਾਂ ਦੀ ਹਾਲਤ ਅਜਿਹੀ ਹੀ ਹੁੰਦੀ ਹੈ। ਇਸੇ ਕਾਰਨ ਜ਼ਿਆਦਾਤਰ ਕੰਮਾਂ ਦੀ ਸ਼ਿਕਾਇਤ ਹੋ ਜਾਂਦੀ ਹੈ, ਜਿਨ੍ਹਾਂ ’ਚੋਂ ਕੁਝ ਕੁ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ। ਵਾਰਡ ਦੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਦਾ ਕਹਿਣਾ ਸੀ ਕਿ ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆਂ ਤਾਂ ਉਨ੍ਹਾਂ ਫੌਰੀ ਅਧਿਕਾਰੀਆਂ ਨੂੰ ਕਾਰਵਾਈ ਲਈ ਕਿਹਾ।
ਠੇਕੇਦਾਰ ਨੂੰ ਟਾਈਲਾਂ ਬਦਲਣ ਦੇ ਨਿਰਦੇਸ਼
ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੌਰੀ ਐੱਸਓ ਸੱਤਿਆਜੀਤ ਨੂੰ ਪੜਤਾਲ ਲਈ ਕਿਹਾ। ਨਵੇਂ ਬਣੇ ਪ੍ਰਧਾਨ ਰਾਣਾ ਨੇ ਕਿਹਾ ਕਿ ਕਿਸੇ ਵੀ ਕੰਮ ’ਚ ਘਪਲਾ, ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ ਅਤੇ ਅਜਿਹਾ ਕਰਨ ਵਾਲਾ ਨਤੀਜੇ ਭੁਗਤਣ ਲਈ ਤਿਆਰ ਰਹੇ। ਉਧਰ ਐੱਸਓ ਨੇ ਦੱਸਿਆ ਕਿ ਸਬੰਧਤ ਠੇਕੇਦਾਰ ਨੂੰ ਸੌ ਫੁੱਟ ਟੋਟੇ ਦੀਆਂ ਟਾਈਲਾਂ ਬਦਲਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।