ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਜਨਵਰੀ
ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਇਕ ਵਿਅਕਤੀ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਹੈ ਕੀ ਕੇਡਬਲਿਊ ਇੰਡਸਟਰੀ ਫੋਕਲ ਪੁਆਇੰਟ ਵਿੱਚ ਰਹਿੰਦੇ ਕ੍ਰਿਸ਼ਨਾ ਬਹਾਦਰ ਦੀ ਭੈਣ ਬਿਸ਼ਨੂ ਛੇਤਰੀ (42) ਦੀ ਸ਼ਾਦੀ 23 ਸਾਲ ਪਹਿਲਾਂ ਸੂਰਜ ਬਹਾਦਰ ਨਾਲ ਹੋਈ ਸੀ ਵੱਸਣ ਇੰਜਨੀਅਰਿੰਗ ਕਾਰਪੋਰੇਸ਼ਨ ਫੋਕਲ ਪੁਆਇੰਟ ਦੇ ਕੁਆਰਟਰਾਂ ਵਿੱਚ ਰਹਿੰਦਾ ਹੈ। ਉਸਨੇ ਦੱਸਿਆ ਹੈ ਕਿ ਬੀਤੀ ਸ਼ਾਮ ਜਦੋਂ ਉਹ ਆਪਣੀ ਭੈਣ ਬਿਸ਼ਨੂੰ ਛੇਤਰੀ ਨੂੰ ਮਿਲਣ ਲਈ ਵੱਸਣ ਇੰਜਨੀਅਰਿੰਗ ਕਾਰਪੋਰੇਸ਼ਨ ਵਿੱਚ ਗਿਆ ਤਾਂ ਉਸ ਦੀ ਭੈਣ ਦੀ ਲਾਸ਼ ਮੰਜੇ ’ਤੇ ਪਈ ਹੋਈ ਸੀ। ਉਸ ਦੇ ਮੂੰਹ ਉੱਪਰ ਸੱਟਾਂ ਦੇ ਨਿਸ਼ਾਨ ਸਨ ਅਤੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ। ਉਸ ਦਾ ਜੀਜਾ ਸੂਰਜ ਬਹਾਦਰ ਮੰਜੇ ਦੇ ਨਾਲ ਹੀ ਪਏ ਸੋਫੇ ’ਤੇ ਬੈਠਾ ਸੀ। ਜਦੋਂ ਉਸਨੇ ਜੀਜੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਖੇਤਰੀ ਨਾਲ ਕਿਸੇ ਗੱਲ ਨੂੰ ਲੈ ਕੇ ਉਸ ਦੀ ਬਹਿਸਬਾਜ਼ੀ ਹੋ ਗਈ ਸੀ ਜਿਸ ’ਤੇ ਉਸ ਨੇ ਤੈਸ਼ ਵਿੱਚ ਆ ਕੇ ਉਸ ਦੀ ਕੁੱਟਮਾਰ ਕੀਤੀ। ਉਸ ਵੱਲੋਂ ਉਸ ਦੇ ਮੂੰਹ ’ਤੇ ਘਸੁੰਨ ਮਾਰੇ ਗਏ ਅਤੇ ਗਲਾ ਦਬਾ ਕੇ ਉਸ ਨੂੰ ਮਾਰ ਦਿੱਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਨ ਉਪਰੰਤ ਸੂਰਜ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਲਾਸ਼ ਦੇ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।