ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਜਨਵਰੀ
ਪੀਏਯੂ ਦੇ ਸਬਜ਼ੀ ਵਿਗਿਆਨ ਵਿਭਾਗ ਨੇ ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਪਨੀਰੀ ਪੈਦਾ ਕਰਨ ਅਤੇ ਕਾਸ਼ਤ ਬਾਰੇ ਇਕ ਸੈਮੀਨਾਰ ਕਰਵਾਇਆ। ਆਨਲਾਈਨ ਹੋਏ ਇਸ ਵੈਬਿਨਾਰ ਵਿੱਚ ਕਿਸਾਨਾਂ, ਵਿਦਿਆਰਥੀਆਂ ਅਤੇ ਮਾਹਿਰਾਂ ਸਮੇਤ 103 ਵਿਅਕਤੀਆਂ ਨੇ ਹਿੱਸਾ ਲਿਆ। ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਮਹੱਤਵ ਅਤੇ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਕੁਦਰਤੀ ਸਰੋਤਾਂ ਦੇ ਬਚਾਅ ਲਈ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ। ਉਨ੍ਹਾਂ ਨੇ ਸਬਜ਼ੀਆਂ ਦੇ ਪੋਸ਼ਕ ਤੱਤਾਂ ਦੇ ਮਹੱਤਵ ਬਾਰੇ ਵੀ ਗੱਲ ਕਰਦਿਆਂ ਅਜੋਕੇ ਸਮੇਂ ਵਿੱਚ ਮੰਡੀ ਦੀਆਂ ਲੋੜਾਂ ਮੁਤਾਬਕ ਸਬਜ਼ੀਆਂ ਦੀ ਕਾਸ਼ਤ ’ਤੇ ਜ਼ੋਰ ਦਿੱਤਾ। ਪ੍ਰਮੁੱਖ ਸਬਜ਼ੀ ਵਿਗਿਆਨੀ ਡਾ. ਕੁਲਬੀਰ ਸਿੰਘ ਨੇ ਸਬਜ਼ੀ ਪੈਦਾ ਕਰਨ ਦੀਆਂ ਵੱਖ-ਵੱਖ ਵਿਧੀਆਂ ਉੱਪਰ ਚਾਨਣਾ ਪਾਉਂਦਿਆਂ ਕਿਸਾਨਾਂ ਨੂੰ ਨਰਸਰੀ ਉਤਪਾਦਨ ਦੇ ਵਪਾਰਕ ਤਰੀਕਿਆਂ ਦੀ ਜਾਣਕਾਰੀ ਵੀ ਦਿੱਤੀ।
ਪਾਲਮਪੁਰ ਖੇਤੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਪ੍ਰਵੀਨ ਸ਼ਰਮਾ ਨੇ ਕਿਹਾ ਕਿ ਟਮਾਟਰਾਂ ਦੀ ਫਸਲ ਮੁਨਾਫੇ ਯੋਗ ਹੈ ਅਤੇ ਇਸ ਨੂੰ ਖੁੱਲ੍ਹੇ ਖੇਤ ਜਾਂ ਸੁਰੱਖਿਅਤ ਖੇਤੀ ਤਰੀਕਿਆਂ ਨਾਲ ਵੀ ਪੈਦਾ ਕੀਤਾ ਜਾ ਸਕਦਾ ਹੈ। ਜੰਮੂ ਖੇਤੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਸੰਦੀਪ ਚੋਪੜਾ ਨੇ ਪੱਤੇਦਾਰ ਸਬਜ਼ੀਆਂ -ਚਲਾਈ, ਬਸੇਲਾ ਅਤੇ ਕਿੰਗ ਕੌਂਗ ਦੀ ਕਾਸ਼ਤ ਦੇ ਤਰੀਕੇ ਦੱਸੇ।