ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੁਲਾਈ
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਸੱਦੇ ’ਤੇ ਅੱਜ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਕਵੀ ਦਰਸ਼ਨ ਬੁੱਟਰ ਲੁਧਿਆਣਾ ਆਏ। ਉਨ੍ਹਾਂ ਨੇ ਕਿਹਾ ਕਿ ਤਿੰਨ ਸਦੀਆਂ ਪਹਿਲਾਂ ਪੈਦਾ ਹੋਏ ਯੁੱਗ ਕਵੀ ਵਾਰਿਸ ਸ਼ਾਹ ਸਿਰਫ਼ ਸੁਖਨ ਦੇ ਵਾਰਿਸ ਹੀ ਨਹੀਂ ਯੁਗ ਵੇਦਨਾ ਦੇ ਕਵੀ ਸਨ। ਉਨ੍ਹਾਂ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਮੇਟੀ ਦਾ ਗਠਨ ਕਰਨ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਲਨਾਮਾ ਤਿਆਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਾਰਿਸ ਸ਼ਾਹ ਉਹ ਕਵੀ ਹੈ ਜਿਸ ਨੇ ਤਿੰਨ ਸਦੀਆਂ ਪਹਿਲਾਂ ਦੇ ਸਮਾਜਿਕ, ਸੱਭਿਆਚਾਰਕ ਤੇ ਭਾਈਚਾਰਕ ਇਤਿਹਾਸ ਨੂੰ ਕਲਮਬੱਧ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਵੀ ਇਸ ਤ੍ਰੈਸ਼ਤਾਬਦੀ ਨੂੰ ਮਨਾਉਣ ਦੀ ਯੋਜਨਾ ਉਲੀਕੀ ਜਾਵੇਗੀ।
ਤ੍ਰੈਮਾਸਿਕ ਮੈਗਜ਼ੀਨ ਦੇ ਸੰਪਾਦਕ ਤੇ ਕਵੀ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਇੰਡੋ ਪਾਕਿ ਕਵੀ ਦਰਬਾਰ ਪੰਜਾਬ ਦੇ ਮਾਝਾ, ਮਾਲਵਾ, ਦੋਆਬਾ ਤੇ ਪੁਆਧ ਖੇਤਰ ਵਿੱਚ ਕਰਵਾਉਣ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਸਬੰਧ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾਉਣ ਵਾਲੀ ਸੰਸਥਾ ਵਿਸ਼ਵ ਪੰਜਾਬੀ ਕਾਂਗਰਸ ਦੇ ਆਗੂਆਂ ਜਨਾਬ ਫ਼ਖ਼ਰ ਜ਼ਮਾਂ, ਡਾ. ਦੀਪਕ ਮਨਮੋਹਨ ਸਿੰਘ ਤੇ ਸਹਿਜਪ੍ਰੀਤ ਸਿੰਘ ਮਾਂਗਟ ਨਾਲ ਵੀ ਮਸ਼ਵਰਾ ਕੀਤਾ ਜਾਵੇਗਾ ਤਾਂ ਜੋ ਆਉਂਦੇ ਸਮੇਂ ’ਚ ਹੋਣ ਵਾਲੀ ਕਾਨਫਰੰਸ ਦਾ ਥੀਮ ਇਸ ਸਾਲ ਵਾਰਿਸ ਸ਼ਾਹ ਹੀ ਰੱਖਿਆ ਜਾਵੇ। ਇਸ ਮੌਕੇ ਦੋਵੇਂ ਲੇਖਕਾਂ ਨੂੰ ਪ੍ਰੋ. ਗਿੱਲ ਨੇ ਆਪਣੀਆਂ ਪੁਸਤਕਾਂ ਵੀ ਭੇਟ ਕੀਤੀਆਂ।