ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜਨਵਰੀ
ਲੁਧਿਆਣਾ ਵਿੱਚ ਚੋਣ ਜ਼ਾਬਤੇ ਤੋਂ ਬਾਅਦ ਵੀ ਸਿਆਸੀ ਆਗੂਆਂ ਵੱਲੋਂ ਬਿਨਾਂ ਮਨਜ਼ੂਰੀ ਦੇ ਵੱਡੇ-ਵੱਡੇ ਸਿਆਸੀ ਬੋਰਡ ਲਗਾਏ ਗਏ ਹਨ। ਇਨ੍ਹਾਂ ਬੋਰਡਾਂ ’ਤੇ ਨਾਂ ਤਾਂ ਕਿਸੇ ਦੀ ਮਨਜ਼ੂਰੀ ਲੱਗੀ ਹੋਈ ਹੈ ਤੇ ਨਾਂ ਹੀ ਇਨ੍ਹਾਂ ਨੂੰ ਕੋਈ ਉਤਾਰ ਰਿਹਾ ਹੈ। ਵੋਟਾਂ ਮੰਗਣ ’ਤੇ ਸਿਆਸੀ ਪਾਰਟੀਆਂ ਦੇ ਮਸ਼ਹੂਰੀ ਦੇ ਇਹ ਬੋਰਡ ਲੁਧਿਆਣਾ ਦੀਆਂ ਸਾਰੇ ਹੀ ਵਿਧਾਨ ਸਭਾ ਹਲਕਿਆਂ ਵਿੱਚ ਲੱਗੇ ਹੋਏ ਹਨ। ਪਰ ਜ਼ਿਆਦਾ ਬੋਰਡ ਵਿਧਾਨ ਸਭਾ ਹਲਕਾ ਪੱਛਮੀ, ਵਿਧਾਨ ਸਭਾ ਹਲਕਾ ਆਤਮ ਨਗਰ, ਵਿਧਾਨ ਸਭਾ ਹਲਕਾ ਪੂਰਬੀ ਤੇ ਵਿਧਾਨ ਸਭਾ ਹਲਕਾ ਕੇਂਦਰੀ ਵਿੱਚ ਹਨ। ਜਿੱਥੇ ਉਮੀਦਵਾਰਾਂ ਨੇ ਲੋਕਾਂ ਦੇ ਘਰਾਂ ਦੀ ਦੀਵਾਰਾਂ, ਸਰਕਾਰੀ ਪ੍ਰਾਪਰਟੀ ਦੀਆਂ ਦੀਵਾਰਾਂ, ਬਿਜਲੀ ਦੇ ਖੰਭੇ ਆਪਣੇ ਬੋਰਡਾਂ ਨਾਲ ਭਰੇ ਹੋਏ ਹਨ। ਹਾਲਾਂਕਿ, ਪ੍ਰਸ਼ਾਸਨ ਵੱਲੋਂ ਚੋਣਾਂ ਵਿੱਚ ਸ਼ਿਕਾਇਤਾਂ ਲਈ ਜਿਹੜੀ ਸੀ-ਵਿਜ਼ਲ ਐਪ ਬਣਾਈ ਗਈ ਹੈ, ਉਸ ’ਤੇ ਵੀ ਸਭ ਤੋਂ ਵੱਧ ਸ਼ਿਕਾਇਤ ਬੋਰਡ ਲੱਗੇ ਹੋਣ ਦੀਆਂ ਹੀ ਆ ਰਹੀਆਂ ਹਨ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ’ਚ ਸਖ਼ਤੀ ਹੈ ਪ੍ਰੰਤੂ ਖੰਨਾ ’ਚ ਹਾਲਾਤ ਇਸ ਤੋਂ ਉਲਟ ਨਜ਼ਰ ਆ ਰਹੇ ਹਨ। ਚੋਣ ਜ਼ਾਬਤਾ ਲੱਗਦਿਆਂ ਹੀ ਪਹਿਲਾ ਤੋਂ ਲੱਗੇ ਹੋਰਡਿੰਗ ਨੂੰ ਉਤਾਰਨ ਦੀ ਥਾਂ ਪ੍ਰਸ਼ਾਸਨ ਦੇ ਨੱਕ ਹੇਠਾਂ ਨਵੇਂ ਹੋਰਡਿੰਗ ਲੱਗ ਰਹੇ ਹਨ। ਚੋਣ ਜ਼ਾਬਤੇ ਦੇ ਅਗਲੇ ਦਿਨ ਪ੍ਰਸ਼ਾਸਨ ਵੱਲੋਂ ਹੋਰਡਿੰਗ ਉਤਾਰਨ ਲਈ 48 ਘੰਟਿਆਂ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਪ੍ਰੰਤੂ ਖੰਨਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਨਵੇਂ ਹੋਰਡਿੰਗ ਸ਼ਹਿਰ ਦੇ ਕਈ ਇਲਾਕਿਆਂ ਅਤੇ ਇਮਰਤਾਂ ’ਤੇ ਦੇਖਣ ਨੂੰ ਮਿਲੇ। ਸੋਸ਼ਲ ਮੀਡੀਆਂ ’ਤੇ ਇਸ ਨੂੰ ਲੈ ਕੇ ਹੰਗਾਮਾ ਹੋਇਆ ਤਾਂ ਪ੍ਰਸ਼ਾਸਨ ਨੇ ਕੁਝ ਹੋਰਡਿੰਗ ਉਤਾਰ ਦਿੱਤੇ ਅਤੇ 16 ਇਮਾਰਤਾਂ ਦੇ ਮਾਲਕਾਂ ਨੂੰ 24 ਘੰਟਿਆਂ ਵਿੱਚ ਹੋਰਡਿੰਗ ਉਤਾਰਨ ਦਾ ਨੋਟਿਸ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹਿਰ ਵਿੱਚ ਅਕਾਲੀ ਦਲ ਤੇ ਬਸਪਾ ਦੇ ਹਲਕਾ ਖੰਨਾ ਤੋਂ ਉਮੀਦਵਾਰ ਜਸਦੀਪ ਕੌਰ ਯਾਦੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰੁਨਪ੍ਰੀਤ ਸਿੰਘ ਸੌਂਦ ਦੇ ਹੋਰਡਿੰਗਾਂ ਦੀ ਵੀ ਸ਼ਹਿਰ ਵਿੱਚ ਭਰਮਾਰ ਹੈ। ਇਨ੍ਹਾਂ ਉਮੀਦਵਾਰਾਂ ਵੱਲੋਂ ਦੀਵਾਰਾਂ ਤੇ ਪੇਂਟਿੰਗ ਵੀ ਵੱਡੀ ਪੱਧਰ ’ਤੇ ਕੀਤੀ ਗਈ ਹੈ। ਇਸੇ ਤਰ੍ਹਾਂ ਇਕ ਮਾਮਲਾ ਮੰਤਰੀ ਕੋਟਲੀ ਵੱਲੋਂ ਇਥੋਂ ਦੇ ਵਾਰਡ ਨੰਬਰ-30 ’ਚ ਨਿਰਮਾਣ ਅਧੀਨ ਪਾਰਕ ਦਾ ਜਾਇਜ਼ਾ ਲੈਣ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਜਿਸ ਦੀ ਸ਼ਿਕਾਇਤ ਭਾਜਪਾ ਵੱਲੋਂ ਚੋਣ ਅਧਿਕਾਰੀ ਨੂੰ ਕੀਤੀ ਗਈ।
ਐੱਸਡੀਐੱਮ ਮਨਜੀਤ ਕੌਰ ਨੇ ਕਿਹਾ ਕਿ ਹੋਰਡਿੰਗ ਉਤਾਰਨ ਲਈ ਕਈ ਟੀਮਾਂ ਕਾਇਮ ਕੀਤੀਆਂ ਹਨ। ਟੀਮਾਂ ਵੱਲੋਂ ਹੋਰਡਿੰਗ ਉਤਾਰਨ ਉਪਰੰਤ ਸਰਟੀਫ਼ਿਕੇਟ ਲਏ ਜਾ ਰਹੇ ਹਨ, ਜੇਕਰ ਫ਼ਿਰ ਵੀ ਨਾਜਾਇਜ਼ ਹੋਰਡਿੰਗ ਲੱਗੇ ਮਿਲੇ ਤਾਂ ਕਾਰਵਾਈ ਹੋਵੇਗੀ। ਇਸੇ ਤਰ੍ਹਾਂ ਭਾਜਪਾ ਆਗੂਆਂ ਦੀ ਸ਼ਿਕਾਇਤ ਪੁੱਜ ਗਈ ਹੈ, ਜਿਸ ਨੂੰ ਅੱਗੇ ਸ਼ਿਕਾਇਤ ਸੈੱਲ ਨੂੰ ਭੇਜ ਦਿੱਤਾ ਗਿਆ ਹੈ।