ਸੰਤੋਖ ਗਿੱਲ
ਗੁਰੂਸਰ ਸੁਧਾਰ, 16 ਜੂਨ
ਪੰਜਾਬ ਸਰਕਾਰ ਦੇ ਪੰਚਾਇਤੀ ਰਾਜ ਵਿਭਾਗ ਵੱਲੋਂ 30 ਜੂਨ ਤੱਕ ਸਾਰੀਆਂ ਪੇਂਡੂ ਪੰਚਾਇਤਾਂ ਦੇ ਆਮ ਇਜਲਾਸ ਮੁਕੰਮਲ ਕਰਨ ਦੇ ਹੁਕਮਾਂ ਉੱਪਰ ਅਮਲ ਕਰਦਿਆਂ ਬਲਾਕ ਸੁਧਾਰ ਦੇ ਕਰੀਬ ਚਾਰ ਦਰਜਨ ਪਿੰਡਾਂ ਦੇ ਆਮ ਇਜਲਾਸ ਦੋ ਹਫ਼ਤਿਆਂ ਵਿੱਚ ਮੁਕੰਮਲ ਕਰਨ ਦੀ ਖਾਨਾਪੂਰਤੀ ਤੇਜ਼ੀ ਨਾਲ ਜਾਰੀ ਹੈ। ਦੋ ਦਿਨ ਦੇ ਨੋਟਿਸ ’ਤੇ ਪਿੰਡ ਸੁਧਾਰ ਦਾ ਬੁਲਾਇਆ ਆਮ ਇਜਲਾਸ ਅੱਜ ਕੋਰਮ ਪੂਰਾ ਨਾ ਹੋਣ ਕਾਰਨ ਅਤੇ ਏਜੰਡੇ ਬਾਰੇ ਅਗਾਊਂ ਸੂਚਨਾ ਨਾ ਦਿੱਤੇ ਜਾਣ ਕਾਰਨ ਮੁਲਤਵੀ ਕਰਨਾ ਪੈ ਗਿਆ। ਇਜਲਾਸ ਦੌਰਾਨ ਬਲਾਕ ਸੁਧਾਰ ਦੇ ਵਿਕਾਸ ਅਧਿਕਾਰੀਆਂ ਦੀ ਗ਼ੈਰਹਾਜ਼ਰੀ ਵੀ ਰੜਕਦੀ ਰਹੀ। ਵਿਕਾਸ ਕਾਰਜਾਂ ਵਿੱਚ ਪੰਚਾਇਤ ਵਿਰੁੱਧ ਕੁਝ ਲੋਕਾਂ ਵੱਲੋਂ ਪੱਖਪਾਤ ਦੇ ਦੋਸ਼ ਲਾਉਣ ਕਾਰਨ ਤਲਖ਼-ਕਲਾਮੀ ਵੀ ਹੋਈ ਪਰ ਮੋਹਤਬਰਾਂ ਵੱਲੋਂ ਦਖ਼ਲ ਬਾਅਦ ਮਾਮਲਾ ਠੰਢਾ ਪੈ ਗਿਆ।
ਪਿੰਡ ਸੁਧਾਰ ਦੇ ਸਰਪੰਚ ਹਰਮਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਪੰਚਾਇਤ ਘਰ ਵਿੱਚ ਇਜਲਾਸ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਘੱਟੋ-ਘੱਟ 20% ਦੀ ਹਾਜ਼ਰੀ ਦਾ ਪੰਜਵਾਂ ਹਿੱਸਾ ਵੀ ਨਾ ਪਹੁੰਚਣ ਕਾਰਨ ਪੰਚਾਇਤ ਸਕੱਤਰ ਰਾਜੇਸ਼ ਕੁਮਾਰ ਨੇ ਇਜਲਾਸ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਇਜਲਾਸ ਮੁਲਤਵੀ ਹੋਣ ਦੇ ਬਾਵਜੂਦ ਕੁਝ ਪਿੰਡ ਵਾਸੀਆਂ ਨੇ ਵਿਕਾਸ ਕਾਰਜਾਂ ਵਿੱਚ ਵਿਤਕਰੇ ਦੇ ਦੋਸ਼ ਲਾਏ ਤਾਂ ਤਲਖ਼-ਕਲਾਮੀ ਵੀ ਹੋਈ ਪਰ ਜਲਦੀ ਹੀ ਮਾਮਲਾ ਸ਼ਾਂਤ ਹੋ ਗਿਆ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੋਸ਼ ਲਾਏ ਕਿ ਹਰ ਸਾਲ ਹੀ ਆਮ ਇਜਲਾਸ ਦੇ ਨਾਂ ’ਤੇ ਕੇਵਲ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ। ਬਲਾਕ ਵਿਕਾਸ ਅਧਿਕਾਰੀਆਂ ਵੱਲੋਂ ਬਲਾਕ ਦੇ ਪਿੰਡਾਂ ਵਿਚ ਹੋਣ ਵਾਲੇ ਆਮ ਇਜਲਾਸਾਂ ਦੀ ਸੂਚੀ ਅਨੁਸਾਰ ਇਕ-ਇਕ ਦਿਨ ਵਿਚ ਦੋ-ਦੋ ਪਿੰਡਾਂ ਦੇ ਇਜਲਾਸ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਸ ਸਬੰਧੀ ਬਲਾਕ ਵਿਕਾਸ ਅਫ਼ਸਰ ਅਸ਼ੋਕ ਕੁਮਾਰ ਨੇ ਕਿਹਾ, ‘ਉੱਚ ਅਧਿਕਾਰੀਆਂ ਵੱਲੋਂ ਦੋ ਕੁ ਦਿਨ ਪਹਿਲਾਂ ਹੀ ਇਜਲਾਸ ਮੁਕੰਮਲ ਕਰਨ ਦੇ ਹੁਕਮ ਆਏ ਹਨ।’ ਇਜਲਾਸ ਦੌਰਾਨ ਸਿਹਤ ਵਿਭਾਗ ਦੇ ਕੁਝ ਕਰਮਚਾਰੀਆਂ ਤੋਂ ਇਲਾਵਾ ਇਕ ਆਂਗਣਵਾੜੀ ਵਰਕਰ ਅਤੇ ਸਹਾਇਕ ਹਾਜ਼ਰ ਸਨ, ਜਦਕਿ ਖ਼ੁਰਾਕ ਸਪਲਾਈ ਵਿਭਾਗ ਜਾਂ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਜਾਂ ਕਰਮਚਾਰੀ ਗ਼ੈਰਹਾਜ਼ਰ ਹੀ ਰਹੇ।