ਪੰਜਾਬੀ ਬੋਲੀ ਨੂੰ ਅਣਗੌਲਿਆਂ ਕਰਨ ਦਾ ਪੰਜਾਬ ਵਿਰੋਧੀ ਫ਼ੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਕਰਨ ਦਾ ਐਲਾਨ
ਗੁਰਿੰਦਰ ਸਿੰਘ
ਲੁਧਿਆਣਾ, 24 ਅਕਤੂਬਰ
ਲੋਕ ਇਨਸਾਫ਼ ਪਾਰਟੀ ਦੀ ਕੌਰ ਕਮੇਟੀ ਨੇ ਸੀਬੀਐੱਸਈ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਮੁੱਖ ਵਿਸ਼ਿਆਂ ਵਿਚੋਂ ਬਾਹਰ ਕੱਢ ਕੇ ਹਿੰਦੀ ਅਤੇ ਅੰਗਰੇਜ਼ੀ ਨੂੰ ਮੁੱਖ ਵਿਸ਼ਿਆਂ ਵਿੱਚ ਰੱਖਣ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਪੰਜਾਬੀਆਂ ਨਾਲ ਬਹੁਤ ਵੱਡਾ ਧੱਕਾ ਹੈ ਅਤੇ ਲੋਕ ਮਜਬੂਰਨ ਸੜਕਾਂ ’ਤੇ ਆ ਕੇ ਇਸ ਖ਼ਿਲਾਫ਼ ਸੰਘਰਸ਼ ਕਰਨਗੇ। ਅੱਜ ਸਰਕਟ ਹਾਊਸ ਵਿੱਚ ਕੋਰ ਕਮੇਟੀ ਦੀ ਪਾਰਟੀ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਦੌਰਾਨ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਮੀਟਿੰਗ ਦੌਰਾਨ ਵੱਖ ਵੱਖ ਮੁੱਦਿਆ ’ਤੇ ਵਿਚਾਰਾਂ ਹੋਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਕਿ ਸਾਡੇ ਲਈ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਪਰ ਉਸ ਲਈ ਮਾਂ ਬੋਲੀ ਪੰਜਾਬੀ ਨੂੰ ਇਸ ਤਰ੍ਹਾਂ ਅਣਗੋਲਿਆ ਕਰਨਾ ਬਿਲਕੁਲ ਗਲਤ ਹੈ ਅਤੇ ਲੋਕ ਇਨਸਾਫ਼ ਪਾਰਟੀ ਇਸ ਦਾ ਵਿਰੋਧ ਕਰਦੀ ਹੈ। ਉਨ੍ਹਾਂ ਤਾੜਨਾ ਕਰਦਿਆ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਤੁਰੰਤ ਫ਼ੈਸਲਾ ਵਾਪਸ ਕਰਾਉਣ ਕਿਉਂਕਿ ਇਸ ਨਾਲ ਹਰ ਪੰਜਾਬੀ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਵਿਧਾਇਕ ਬੈਂਸ ਨੇ ਸੰਵਿਧਾਨ ਦਾ ਹਵਾਲਾ ਦਿੰਦਿਆ ਕਿਹਾ ਕਿ ਸੰਵਿਧਾਨ ਦੇ 8ਵੇਂ ਸ਼ਡਿਊਲ ਵਿੱਚ 22 ਭਾਸ਼ਾਵਾਂ ਹਨ ਤੇ ਹਿੰਦੀ ਵੀ ਉਨ੍ਹਾਂ ਵਿੱਚ ਸ਼ਾਮਲ ਹੈ ਤੇ ਇਨ੍ਹਾਂ ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ, ਫਿਰ ਸਵਾਲ ਇਹ ਉੱਠਦਾ ਹੈ ਕਿ ਜੇ ਬਾਕੀ ਦੀਆਂ 21 ਭਾਸ਼ਾਵਾਂ ਲਘੂ ਵਿਸ਼ਿਆਂ ਦੇ ਵਰਗ ਵਿੱਚ ਹਨ ਤਾਂ ਹਿੰਦੀ ਮੁੱਖ ਵਿਸ਼ਿਆਂ ਵਿੱਚ ਕਿਵੇਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸੀਬੀਐੱਸਈ ਬੋਰਡ ਦੇ ਇਸ ਤਾਨਾਸ਼ਾਹੀ ਫ਼ੈਸਲੇ ਤੋੋਂ ਇਹ ਸਿੱਧ ਹੁੰਦਾ ਹੈ ਕਿ ਭਾਸ਼ਾਵਾਂ ਦਾ ਵਰਗੀਕਰਨ ਕਰਨ ਪਿਛੇ ਬਹੁ-ਗਿਣਤੀਵਾਦੀ ਮਾਨਸਿਕਤਾ ਕੰਮ ਕਰ ਰਹੀ ਹੈ। ਮੀਟਿੰਗ ਦੌਰਾਨ ਜਸਵਿੰਦਰ ਸਿੰਘ ਖਾਲਸਾ, ਬਲਦੇਵ ਸਿੰਘ ਪ੍ਰਧਾਨ, ਗਗਨਦੀਪ ਸਿੰਘ ਸੰਨੀ ਕੈਂਥ, ਰਣਧੀਰ ਸਿੰਘ ਸੀਵੀਆ, ਜਰਨੈਲ ਸਿੰਘ ਨੰਗਲ, ਗੁਰਜੋਧ ਸਿੰਘ ਗਿੱਲ, ਅਮਰੀਕ ਸਿੰਘ ਵਰਪਾਲ, ਮਹਿੰਦਰਪਾਲ ਸਿੰਘ ਦਾਨਗੜ੍ਹ, ਜਗਜੋਤ ਸਿੰਘ ਖਾਲਸਾ ਅਤੇ ਤਲਵਿੰਦਰ ਸਿੰਘ ਮਾਨ ਹਾਜ਼ਰ ਸਨ।
ਲੋਕ ਇਨਸਾਫ਼ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਆਗੂ।
ਫੋਟੋ : ਗੁਰਿੰਦਰ ਸਿੰਘ