ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਅਗਸਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਰਾਹੀਂ ਫਾਰਮਰ ਫਸਟ ਪ੍ਰਾਜੈਕਟ ਤਹਿਤ ਇੱਕ ਹੋਰ ਪਿੰਡ ‘ਹਮੀਦੀ’ ਨੂੰ ਅਪਣਾਇਆ ਗਿਆ ਹੈ। ਇਹ ਪ੍ਰਾਜੈਕਟ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਡਾ. ਪ੍ਰਕਾਸ਼ ਸਿੰਘ ਬਰਾੜ ਦੀ ਨਿਗਰਾਨੀ ਅਧੀਨ ਚੱਲ ਰਿਹਾ ਹੈ।
ਪ੍ਰਾਜੈਕਟ ਦੇ ਮੁੱਖ ਨਿਰੀਖਕ ਡਾ. ਵਾਈ ਐੱਸ ਜਾਦੋਂ, ਸਹਿ-ਮੁੱਖ ਨਿਰੀਖਕ ਅਮਨਦੀਪ ਸਿੰਘ ਅਤੇ ਡਾ. ਐੱਸ ਕੇ ਕਾਂਸਲ ਦੀ ਮੌਜੂਦਗੀ ਵਿੱਚ ਸਰਪੰਚ ਜਸਵਿੰਦਰ ਸਿੰਘ, ਪੰਚਾਇਤ ਮੈਂਬਰਾਂ ਅਤੇ ਮੋਹਤਬਰ ਵਸਨੀਕਾਂ ਦੀ ਇਕ ਮੀਟਿੰਗ ਪਿੰਡ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਪਿੰਡ ਵਾਸੀਆਂ ਨੂੰ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ। ਡਾ. ਜਾਦੋਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪਿੰਡ ਦਾ ਸਰਵੇਅ ਕੀਤਾ ਜਾਵੇਗਾ ਅਤੇ ਉਸ ਮੁਤਾਬਕ ਲੋੜਾਂ ਨੂੰ ਸੂਚੀਬੱਧ ਕਰਕੇ ਕਾਰਜ ਸ਼ੁਰੂ ਕੀਤਾ ਜਾਵੇਗਾ। ਪ੍ਰਾਜੈਕਟ ਅਧੀਨ ਕਾਰਜਸ਼ੀਲ ਇੱਕ ਹੋਰ ਪਿੰਡ ਧਨੇਰ ਵਿੱਚ ਇੱਕ ਸਿਖਲਾਈ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਦੁੱਧ ਦੀ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਬਾਰੇ ਦੱਸਿਆ ਗਿਆ। ਡਾ. ਗੋਪਿਕਾ ਤਲਵਾੜ ਨੇ ਦੁੱਧ ਵਿੱਚ ਹੋ ਰਹੀ ਮਿਲਾਵਟ ਦੇ ਤੱਤਾਂ ਅਤੇ ਇਸ ਤੋਂ ਉਭਰਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਡਾ. ਰੇਖਾ ਚਾਵਲਾ ਨੇ ਕਿਸਾਨ ਬੀਬੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਬਾਰੇ ਸਿੱਖਿਅਤ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਦੁੱਧ ਦੀ ਮਿਲਾਵਟ ਸਬੰਧੀ ਤਿਆਰ ਕੀਤੀ ਜਾਂਚ ਕਿੱਟ ਵੀ ਲਾਭਪਾਤਰੀ ਬੀਬੀਆਂ ਨੂੰ ਦਿੱਤੀ ਤਾਂ ਜੋ ਉਹ ਘਰੇਲੂ ਪੱਧਰ ’ਤੇ ਵੀ ਦੁੱਧ ਦੀ ਜਾਂਚ ਕਰ ਸਕਣ। ਡਾ. ਬਰਾੜ ਨੇ ਟੀਮ ਮੈਂਬਰਾਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਵੱਲੋਂ ਕਿਸਾਨ ਭਾਈਚਾਰੇ ਦੀ ਭਲਾਈ ਲਈ ਬੜਾ ਸੁਚੱਜਾ ਕੰਮ ਕੀਤਾ ਜਾ ਰਿਹਾ ਹੈ।