ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਜੂਨ
ਯੂਪੀਐੱਸਸੀ ਵੱਲੋਂ ਸਿਵਲ ਸੇਵਾ ਪ੍ਰੀਖਿਆ-2021 ਦੇ ਐਲਾਨ ਗਏ ਨਤੀਜੇ ’ਚ ਜਗਰਾਉਂ ਦੇ ਨੌਜਵਾਨ ਉਮੇਸ਼ ਗੋਇਲ ਨੇ 388ਵਾਂ ਰੈਂਕ ਹਾਸਲ ਕੀਤਾ ਹੈ। ਬਚਪਨ ’ਚ ਪਿਤਾ ਨੂੰ ਗੁਆਉਣ ਵਾਲੇ ਅਤੇ ਪ੍ਰਾਈਵੇਟ ਸਕੂਲ ’ਚ ਅਧਿਆਪਕ ਵਜੋਂ ਨੌਕਰੀ ਕਰ ਕੇ ਬੱਚਿਆਂ ਨੂੰ ਪੜ੍ਹਾਉਣ ਵਾਲੀ ਸ਼ਰਮੀਲਾ ਗੋਇਲ ਦੇ ਹੋਣਹਾਰ ਪੁੱਤਰ ਨੇ ਮਾਪਿਆਂ ਤੇ ਜਗਰਾਉਂ ਦਾ ਰੌਸ਼ਨ ਕੀਤਾ ਹੈ। ਉਹ ਪਹਿਲਾਂ ਪੀਪੀਐੱਸਸੀ ਦੀ ਪ੍ਰੀਖਿਆ ਪਾਸ ਕਰ ਕੇ ਇਸ ਸਮੇਂ ਮਹਿਤਪੁਰ (ਜਲੰਧਰ) ਵਿੱਚ ਬੀਡੀਪੀਓ ਵਜੋਂ ਤਾਇਨਾਤ ਹੈ। ਉਮੇਸ਼ ਗੋਇਲ ਦੇ ਆਈਏਐੱਸ ’ਚ ਚੁਣੇ ਜਾਣ ’ਤੇ ਸ੍ਰੀ ਅਗਰਸੈਨ ਕਮੇਟੀ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ। ਅਗਰਵਾਲ ਸਮਾਜ ਦੀ ਮੁੱਖ ਸੰਸਥਾ ਦੇ ਪ੍ਰਧਾਨ ਅਨਮੋਲ ਗਰਗ ਤੇ ਕਮਲਦੀਪ ਬਾਂਸਲ ਨੇ ਕਿਹਾ ਕਿ ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਦਾ ਉਮੇਸ਼ ਗੋਇਲ ਨੇ ਮੁੜ ਨਾਂ ਰੁਸ਼ਨਾਇਆ ਹੈ। ਸੰਸਥਾ ਵੱਲੋਂ ਇਸ ਸਮੇਂ ਉਮੇਸ਼ ਦੀ ਸੇਵਾਮੁਕਤ ਅਧਿਆਪਕਾ ਮਾਂ ਸ਼ਰਮੀਲਾ ਗੋਇਲ ਨੂੰ ਉਨ੍ਹਾਂ ਦੀ ਘਾਲਣਾ ਤੇ ਪਟਵਾਰੀ ਭਰਾ ਤੁਸ਼ਾਰ ਗੋਇਲ ਨੂੰ ਵੀ ਸਨਮਾਨਿਤ ਕਰਦਿਆਂ ਵਧਾਈ ਦਿੱਤੀ।