ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਗਸਤ
ਸਥਾਨਕ ਅਦਾਲਤੀ ਕੰਪਲੈਕਸ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਵਲੋਂ ਕੇਂਦਰੀ ਜੇਲ੍ਹ ਤੋਂ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਇੱਕ ਹਵਾਲਾਤੀ ਤੋਂ ਮੋਬਾਈਲ ਫੋਨ ਮਿਲਣ ਤੋਂ ਬਾਅਦ ਹਵਾਲਾਤੀ ਨੇ ਪੁਲੀਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਦਿਆਂ ਇੱਕ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ। ਪੁਲੀਸ ਲਾਈਨ ਦੇ ਥਾਣੇਦਾਰ ਸੁਖਵੰਤ ਸਿੰਘ ਨੇ ਦੱਸਿਆ ਹੈ ਕਿ ਉਹ ਅਦਾਲਤ ਵਿੱਚ ਪੇਸ਼ੀ ਲਈ ਕੁਝ ਹਵਾਲਾਤੀਆਂ ਅਤੇ ਕੈਦੀਆਂ ਨੂੰ ਲੈ ਕੇ ਆਇਆ ਸੀ। ਨੂਰਵਾਲਾ ਰੋਡ ਬਜਰੰਗ ਵਿਹਾਰ ਜੋਧੇਵਾਲ ਵਾਸੀ ਆਕਾਸ਼ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਬਖਸ਼ੀਖਾਨੇ ਵਿੱਚ ਬੰਦ ਕਰਨ ਸਮੇਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਬੂਟਾਂ ਵਿੱਚੋਂ ਮੋਬਾਈਲ ਫੋਨ ਬਰਾਮਦ ਹੋਇਆ। ਪੁਲੀਸ ਪਾਰਟੀ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਆਕਾਸ਼ ਕੁਮਾਰ ਨੇ ਪੁਲੀਸ ਮੁਲਾਜ਼ਮਾਂ ਨਾਲ ਗਾਲੀ ਗਲੋਚ ਕਰਦਿਆਂ ਹੱਥੋਪਾਈ ਕੀਤੀ ਅਤੇ ਉਸ ਦੀ ਵਰਦੀ ਪਾੜ ਦਿੱਤੀ। ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਡਿਵੀਜ਼ਨ ਨੰਬਰ ਪੰਜ ਵਿੱਚ ਜੇਲ੍ਹ ਨਿਯਮ ਭੰਗ ਕਰਨ ਦੇ ਦੋਸ਼ ਤਹਿਤ ਆਕਾਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।