ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਦਸੰਬਰ
ਗਿੱਲ ਰੋਡ ’ਤੇ ਮੰਗਲਵਾਰ ਦੀ ਦੁਪਹਿਰ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਪਿੱਛੋਂ ਆ ਰਹੀ ਐਕਟਿਵਾ ਕਾਰ ਥੱਲੇ ਆ ਗਈ, ਜਿਸ ਨਾਲ ਐਕਟਿਵਾ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਦੋਵੇਂ ਪਾਸੇ ਦਾ ਟਰੈਫਿਕ ਰੁੱਕ ਗਿਆ ਤੇ ਗੁੱਸੇ ਵਿੱਚ ਆਏ ਲੋਕਾਂ ਨੇ ਟਰੱਕ ਡਰਾਈਵਰ ਨੂੰ ਕੁੱਟਿਆ ਤੇ ਉਸਨੂੰ ਥਾਣਾ ਡੇਹਲੋਂ ਦੇ ਅਧੀਨ ਆਉਂਦੀ ਚੌਕੀ ਮਰਾਡੋ ਦੀ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਪਿੰਡ ਗਿੱਲ ਵਾਸੀ ਨਿਸ਼ਾਨ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਪਿੰਡ ਸੰਗੋਵਾਲ ਦੇ ਰਹਿਣ ਵਾਲੇ ਟਰੱਕ ਡਰਾਈਵਰ ਰਾਜਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਸੁਭਾਸ਼ ਨੇ ਦੱਸਿਆ ਕਿ ਨਿਸ਼ਾਨ ਸਿੰਘ ਐਕਟਿਵਾ ’ਤੇ ਸਵਾਰ ਹੋ ਕੇ ਸੂਆ ਰੋਡ ਤੋਂ ਹੁੰਦਾ ਹੋਇਆ ਆਪਣੇ ਘਰ ਜਾ ਰਿਹਾ ਸੀ, ਜਦੋਂ ਉਹ ਗਿੱਲ ਰੋਡ ’ਤੇ ਪੁੱਜਿਆ ਤਾਂ ਮਾਲੇਰਕੋਟਲਾ ਵੱਲੋਂ ਆ ਰਹੇ ਬੇਕਾਬੂ ਟਰੱਕ ਨੇ ਲੁਧਿਆਣਾ ਵੱਲੋਂ ਜਾ ਰਹੀ ਕਾਰ ਨੂੰ ਟੱਕਰ ਮਾਰੀ ਤੇ ਉਸਨੂੰ ਘਸੀਟਦਾ ਦੂਰ ਤੱਕ ਲੈ ਗਿਆ। ਇਸੇ ਦੌਰਾਨ ਗੱਡੀ ਨੇ ਐਕਟਿਵਾ ਸਵਾਰ ਨਿਸ਼ਾਨ ਸਿੰਘ ਨੂੰ ਟੱਕਰ ਮਾਰੀ ਤੇ ਗੱਡੀ ਉਸਦੀ ਐਕਟਿਵਾ ’ਤੇ ਚੜ੍ਹ ਗਈ। ਇਸ ਹਾਦਸੇ ਵਿੱਚ ਨਿਸ਼ਾਨ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਉਸਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਏਐੱਸਆਈ ਸੁਭਾਸ਼ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।